Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਰਚ ਦੀ ਸ਼ੁਰੂਆਤ ਵਿੱਚ ਹੀ ਗਰਮੀ ਨੇ ਇੱਕ ਵਾਰ ਤਾਂ ਲੋਕਾਂ ਦੇ ਵੱਟ ਕਢਵਾ ਦਿੱਤੇ। ਤੇਜ਼ ਧੁੱਪ ਨਾਲ ਲੋਕਾਂ ਦੇ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਹਾਲਾਂਕਿ, 14 ਮਾਰਚ ਤੋਂ ਮੌਸਮ ਬਦਲਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ, ਰਾਜ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ, ਜਦੋਂ ਕਿ ਕੁਝ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਹੋ ਸਕਦੀ ਹੈ। ਇਸ ਸਮੇਂ ਮੀਂਹ ਨੂੰ ਲੈਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ 1.2 ਡਿਗਰੀ ਘੱਟ ਗਿਆ ਹੈ, ਪਰ ਇਸ ਦੇ ਬਾਵਜੂਦ, ਤਾਪਮਾਨ ਆਮ ਨਾਲੋਂ 5.8 ਡਿਗਰੀ ਵੱਧ ਹੈ। ਭਾਖੜਾ ਡੈਮ ਖੇਤਰ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
14 ਮਾਰਚ ਤੋਂ ਮੌਸਮ ਇਦਾਂ ਬਦਲੇਗਾ ਮੌਸਮ
ਮੌਸਮ ਵਿਭਾਗ ਦੇ ਅਨੁਸਾਰ, ਅੱਜ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। 14 ਮਾਰਚ ਤੋਂ 16 ਮਾਰਚ ਦੇ ਵਿਚਕਾਰ ਮੌਸਮ ਬਦਲ ਸਕਦਾ ਹੈ। ਇਸ ਦੌਰਾਨ, ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। 17 ਮਾਰਚ ਨੂੰ ਮੌਸਮ ਫਿਰ ਖੁਸ਼ਕ ਹੋਣ ਦੀ ਉਮੀਦ ਹੈ।
14 ਮਾਰਚ ਨੂੰ ਮੁੱਖ ਤੌਰ 'ਤੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਗਰਜ-ਤੂਫ਼ਾਨ ਦੇ ਨਾਲ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ। 15 ਮਾਰਚ ਨੂੰ ਮੀਂਹ ਦੀ ਤੀਬਰਤਾ ਵਧ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਪਟਿਆਲਾ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਕਿਸਾਨਾਂ ਲਈ ਸਲਾਹ
ਵੱਧ ਰਹੇ ਤਾਪਮਾਨ ਅਤੇ ਖੁਸ਼ਕ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਿੱਟੀ ਦੀ ਨਮੀ ਬਣਾਈ ਰੱਖਣ ਲਈ ਕਣਕ (ਅਨਾਜ ਭਰਨ ਦੀ ਅਵਸਥਾ), ਸਰ੍ਹੋਂ, ਪੱਤਾ ਗੋਭੀ, ਸਰ੍ਹੋਂ ਅਤੇ ਆਲੂ ਦੀਆਂ ਫਸਲਾਂ ਨੂੰ ਲੋੜ ਅਨੁਸਾਰ ਸਿੰਚਾਈ ਕਰਨ।
ਕੱਲ੍ਹ ਤੋਂ ਬਾਅਦ ਘਟੇਗਾ ਤਾਪਮਾਨ
ਮੌਸਮ ਵਿਭਾਗ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ। ਉਸ ਤੋਂ ਬਾਅਦ, ਤਾਪਮਾਨ 2 ਤੋਂ 4 ਡਿਗਰੀ ਤੱਕ ਘੱਟ ਸਕਦਾ ਹੈ। 14, 15 ਅਤੇ 16 ਮਾਰਚ ਨੂੰ, ਰਾਜ ਦੇ ਕੁਝ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਦੇ ਨਾਲ ਗਰਜ-ਤੂਫ਼ਾਨ ਵੀ ਆ ਸਕਦਾ ਹੈ।
