Punjab and Chandigarh Weather: ਪੰਜਾਬ ਅਤੇ ਚੰਡੀਗੜ੍ਹ ਲਈ ਅੱਜ 31 ਜੁਲਾਈ ਤੋਂ 3 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਅੱਜ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਤਰਨਤਾਰਨ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਮੀਂਹ ਪੈਣ ਦੀ ਉਮੀਦ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਰਾਜ ਭਰ ਵਿੱਚ ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਸੈਲਸੀਅਸ ਘਟ ਗਿਆ, ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਆਉਣ ਵਾਲੇ ਦਿਨਾਂ ਵਿੱਚ ਇਦਾਂ ਦਾ ਰਹੇਗਾ ਮੌਸਮ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, ਇਸ ਵੇਲੇ ਮੱਧ ਪ੍ਰਦੇਸ਼ ਅਤੇ ਵਿਦਰਭ ਦੇ ਉੱਪਰ ਬਣਿਆ ਡਿਪ੍ਰੈਸ਼ਨ ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਵਿੱਚ ਭਾਰੀ ਮੀਂਹ ਵਰ੍ਹਾ ਰਿਹਾ ਹੈ। ਇਸ ਕਾਰਨ ਮਾਨਸੂਨ ਦੀ ਮੁੱਖ ਪੱਟੀ (ਮਾਨਸੂਨ ਟਰਫ਼) ਹਾਲੇ ਪੰਜਾਬ ਤੋਂ ਦੱਖਣ ਵੱਲ ਬਣੀ ਹੋਈ ਹੈ। ਦੂਜੇ ਪਾਸੇ, ਪੰਜਾਬ ਦੇ ਉੱਪਰ ਬਣਿਆ ਪੱਛਮੀ ਵਿਛੋੜਾ ਹੁਣ ਉੱਤਰੀ ਹਰਿਆਣਾ ਵੱਲ ਖਿਸਕ ਗਿਆ ਹੈ। ਇਸੇ ਵਜ੍ਹਾ ਕਰਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 24 ਘੰਟਿਆਂ ਦੌਰਾਨ ਲਗਾਤਾਰ ਅਤੇ ਬਹੁਤ ਤੇਜ਼ ਮੀਂਹ ਪੈਣ ਦੀ ਸੰਭਾਵਨਾ ਫ਼ਿਲਹਾਲ ਘੱਟ ਹੈ।
31 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰੁਕ-ਰੁਕ ਕੇ ਹਲਕੇ ਤੋਂ ਦਰਮਿਆਨੇ ਮੀਂਹ, ਗਰਜ-ਚਮਕ ਅਤੇ ਕੁਝ ਥਾਵਾਂ ‘ਤੇ ਤੇਜ਼ ਬਾਰਿਸ਼ ਦੇ ਛੋਟੇ ਦੌਰ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ‘ਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ, ਜਦਕਿ ਮੋਹਾਲੀ, ਰੂਪਨਗਰ, ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਨਵਾਂਸ਼ਹਿਰ ‘ਚ ਵੀ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ।
ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਨਿਰੰਤਰ ਬਾਰਿਸ਼ ਕਾਰਨ ਭਾਕੜਾ ਅਤੇ ਪੌਂਗ ਡੈਮ ‘ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਭਾਕੜਾ ਡੈਮ ਦਾ ਮੌਜੂਦਾ ਜਲ ਪੱਧਰ 1599.08 ਫੁੱਟ ਦਰਜ ਕੀਤਾ ਗਿਆ ਹੈ। ਡੈਮ ਵਿੱਚ 39,785 ਕਿਊਸਿਕ ਪਾਣੀ ਆ ਰਿਹਾ ਹੈ, ਜਦਕਿ 24,495 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਕੜਾ ਡੈਮ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ, ਜਿਸਦਾ ਮਤਲਬ ਹੈ ਕਿ ਜਲ ਪੱਧਰ ਹਾਲੇ ਵੀ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 81 ਫੁੱਟ ਹੇਠਾਂ ਹੈ।
