Punjab Weather Update: ਪੰਜਾਬ ਨੂੰ ਐਤਵਾਰ ਨੂੰ ਪ੍ਰਦੂਸ਼ਣ ਤੋਂ ਕੁਝ ਰਾਹਤ ਮਿਲੀ ਹੈ। ਚੰਡੀਗੜ੍ਹ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਸਾਰੇ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 200 ਤੋਂ ਹੇਠਾਂ ਡਿੱਗ ਗਿਆ। ਚੰਡੀਗੜ੍ਹ ਸਮੇਤ ਪੰਜਾਬ ਦੇ ਸ਼ਹਿਰਾਂ 'ਚ ਨਵੰਬਰ ਮਹੀਨੇ 'ਚ ਠੰਡ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ 'ਚ ਬਦਲਾਅ ਅਤੇ ਵਾਤਾਵਰਨ 'ਚ ਪ੍ਰਦੂਸ਼ਣ ਨੂੰ ਦੇਖਦਿਆਂ ਹੋਇਆਂ ਪੰਜਾਬ 'ਚ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਮਾਮੂਲੀ ਰਾਹਤ ਦੇਖਣ ਨੂੰ ਮਿਲੀ ਹੈ। ਅਜਿਹਾ ਪੰਜਾਬ ਵਿੱਚ ਚੱਲ ਰਹੀ ਹਵਾ ਕਾਰਨ ਹੋਇਆ ਹੈ। ਪਰ ਇਹ ਰਾਹਤ ਫਿਲਹਾਲ ਅਸਥਾਈ ਹੈ। ਪੂਰੀ ਰਾਹਤ ਲਈ ਹਰ ਕੋਈ ਅਜੇ ਵੀ ਮੀਂਹ ਦਾ ਇੰਤਜ਼ਾਰ ਕਰ ਰਿਹਾ ਹੈ। ਪਰ, ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ।


ਐਤਵਾਰ ਸ਼ਾਮ 4 ਵਜੇ ਦੇ ਬੁਲੇਟਿਨ ਮੁਤਾਬਕ ਅੰਮ੍ਰਿਤਸਰ ਦਾ AQI 263 ਅਤੇ ਚੰਡੀਗੜ੍ਹ ਦਾ AQI 223 ਰਿਹਾ। ਭਾਵ ਦੋਵੇਂ ਸ਼ਹਿਰ ਅਜੇ ਵੀ ਔਰੇਂਜ ਕੈਟੇਗਰੀ ਵਿੱਚ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 'ਚ ਵੀ ਗਿਰਾਵਟ ਆਈ ਹੈ ਅਤੇ ਦੋਵੇਂ ਰੈੱਡ ਜ਼ੋਨ ਤੋਂ ਬਾਹਰ ਆਉਣ 'ਚ ਕਾਮਯਾਬ ਰਹੇ ਹਨ।


ਨਵੰਬਰ ਵਿੱਚ ਆਮ ਤੋਂ ਵੱਧ ਰਹੇਗਾ ਤਾਪਮਾਨ
ਚੰਡੀਗੜ੍ਹ ਸਮੇਤ ਪੰਜਾਬ ਦੇ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਤਾਪਮਾਨ ਆਮ ਨਾਲੋਂ ਵੱਧ ਬਣਿਆ ਹੋਇਆ ਹੈ। ਦਰਅਸਲ, ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਸਰਦੀਆਂ ਵਿੱਚ ਉੱਤਰੀ ਭਾਰਤ ਵਿੱਚ ਮੀਂਹ ਆਮ ਤੌਰ 'ਤੇ ਪੱਛਮੀ ਗੜਬੜੀ ਦੇ ਕਰਕੇ ਪੈਂਦਾ ਹੈ। ਪਰ ਪੱਛਮੀ ਗੜਬੜੀ ਅਜੇ ਉੱਤਰੀ ਭਾਰਤ ਵਿੱਚ ਐਕਟਿਵ ਨਹੀਂ ਹੈ। ਇੰਨਾ ਹੀ ਨਹੀਂ ਪੱਛਮੀ ਗੜਬੜੀ ਕਰਕੇ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਅਜੇ ਤੱਕ ਬਰਫਬਾਰੀ ਨਹੀਂ ਹੋਈ ਹੈ, ਜਿਸ ਕਰਕੇ ਤਾਪਮਾਨ ਵੀ ਆਮ ਨਾਲੋਂ ਘੱਟ ਰਿਹਾ ਹੈ।


ਚੰਡੀਗੜ੍ਹ ਸਣੇ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ- ਐਤਵਾਰ ਨੂੰ ਤਾਪਮਾਨ 31 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਹੈ। ਅੱਜ ਤਾਪਮਾਨ 17 ਤੋਂ 30 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਜਲੰਧਰ- ਐਤਵਾਰ ਨੂੰ ਤਾਪਮਾਨ 30.8 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 14 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਲੁਧਿਆਣਾ - ਐਤਵਾਰ ਨੂੰ ਤਾਪਮਾਨ 31.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਦੋ ਡਿਗਰੀ ਵੱਧ ਹੈ। ਅੱਜ ਤਾਪਮਾਨ 14 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਚੰਡੀਗੜ੍ਹ- ਬੀਤੀ ਸ਼ਾਮ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਵੱਧ ਹੈ। ਅੱਜ ਤਾਪਮਾਨ 15 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਪਟਿਆਲਾ- ਐਤਵਾਰ ਨੂੰ ਤਾਪਮਾਨ 33.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਵੱਧ ਹੈ। ਅੱਜ ਤਾਪਮਾਨ 13 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਮੋਹਾਲੀ- ਐਤਵਾਰ ਨੂੰ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 17 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।