Punjab Weather News: ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਲਗਾਤਾਰ ਬਦਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਚੰਡੀਗੜ੍ਹ ਵਿੱਚ ਅੰਸ਼ਕ ਤੌਰ ‘ਤੇ ਬਾਦਲ ਛਾਏ ਰਹਿਣਗੇ ਅਤੇ ਇੱਕ-ਦੋ ਗੇੜ ਦੀ ਬਾਰਿਸ਼ ਜਾਂ ਗਰਜ-ਚਮਕ ਨਾਲ ਬੌਛਾਰਾਂ ਪੈ ਸਕਦੀਆਂ ਹਨ।
ਬਾਰਿਸ਼ ਕਾਰਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਇਹ ਹੁਣ ਆਮ ਤਾਪਮਾਨ ਨਾਲੋਂ 2.2 ਡਿਗਰੀ ਹੇਠਾਂ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਿਕਾਰਡ ਕੀਤਾ ਗਿਆ। ਹਾਲਾਂਕਿ, ਇਸ ਵਾਰ ਮਾਨਸੂਨ ਦੇ ਸੀਜ਼ਨ ਵਿੱਚ ਹੁਣ ਤੱਕ 30 ਫ਼ੀਸਦੀ ਘੱਟ ਬਾਰਿਸ਼ ਹੋਈ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ (IMD) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਸਭ ਤੋਂ ਵੱਧ 18 ਮਿਲੀਮੀਟਰ ਬਾਰਿਸ਼ ਹੁਸ਼ਿਆਰਪੁਰ ਵਿੱਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਲੁਧਿਆਣਾ ਵਿੱਚ 11.5 ਮਿ.ਮੀ., ਫ਼ਤੇਹਗੜ੍ਹ ਸਾਹਿਬ ਵਿੱਚ 11 ਮਿ.ਮੀ., ਚੰਡੀਗੜ੍ਹ ਵਿੱਚ 10.7 ਮਿ.ਮੀ., ਲੁਧਿਆਣਾ ਸ਼ਹਿਰ ਵਿੱਚ 5.4 ਮਿ.ਮੀ., ਭਾਖੜਾ ਡੈਮ ਖੇਤਰ ਵਿੱਚ 5 ਮਿ.ਮੀ., ਅਨੰਦਪੁਰ ਸਾਹਿਬ ਵਿੱਚ 0.5 ਮਿ.ਮੀ. ਅਤੇ ਪਟਿਆਲਾ ਵਿੱਚ 0.4 ਮਿ.ਮੀ. ਬਾਰਿਸ਼ ਰਿਕਾਰਡ ਕੀਤੀ ਗਈ। ਦੂਜੇ ਪਾਸੇ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸੰਗਰੂਰ ਅਤੇ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਇਸ ਦੌਰਾਨ ਮੀਂਹ ਨਹੀਂ ਪਿਆ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਮਾਨਸੂਨ ਟਰਫ਼ ਇਸ ਵੇਲੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਹੋ ਕੇ ਲੰਘ ਰਹੀ ਹੈ, ਜਦਕਿ ਪੱਛਮੀ ਵਿਛੋੜਾ ਵੀ ਉੱਤਰ-ਪੱਛਮੀ ਭਾਰਤ ‘ਤੇ ਸਰਗਰਮ ਹੈ। ਇਹਨਾਂ ਦੋਵਾਂ ਸਿਸਟਮਾਂ ਦੇ ਪ੍ਰਭਾਵ ਨਾਲ ਅਗਲੇ ਸੱਤ ਦਿਨਾਂ ਤੱਕ ਪੰਜਾਬ ਵਿੱਚ ਮੌਸਮ ਬਦਲਵਾਂ ਰਹੇਗਾ। ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਅਤੇ ਕੁਝ ਇਲਾਕਿਆਂ ‘ਚ ਗਰਜ-ਚਮਕ ਨਾਲ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵਿੱਚ ਬਹੁਤਾ ਵਾਧਾ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੇਗੀ।
ਬਾਰਿਸ਼ ਕਾਰਨ ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਦੀ ਆਵਕ ਵਧ ਗਈ ਹੈ, ਪਰ ਦੋਵੇਂ ਡੈਮ ਫਿਲਹਾਲ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹਨ। ਭਾਖੜਾ ਡੈਮ ਦਾ ਮੌਜੂਦਾ ਜਲ-ਪੱਧਰ 1607.95 ਫੁੱਟ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਜਲ-ਪੱਧਰ 1344.4 ਫੁੱਟ ਹੈ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1400 ਫੁੱਟ ਹੈ। ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ 41,392 ਕਿਊਸਿਕ ਪਾਣੀ ਆ ਰਿਹਾ ਹੈ ਅਤੇ 22,693 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ 34,538 ਕਿਊਸਿਕ ਪਾਣੀ ਦੀ ਆਵਕ ਹੈ, ਜਦਕਿ 13,450 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
