ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਐਮਡੀ ਗੈਰ-ਸਿੱਖ ਲਾਉਣ `ਤੇ ਇਤਰਾਜ਼ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਬੈਂਕ ਦੇ ਸਿਖਰਲੇ ਅਹੁਦੇ `ਤੇ ਸਿੱਖ ਨੂੰ ਹੀ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ।


ਢੀਂਡਸਾ ਨੇ ਕਿਹਾ ਕਿ ਸੰਨ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਿੱਖਾਂ ਦੇ ਇੱਕ ਸੁਤੰਤਰ ਬੈਂਕ ਵਜੋਂ ਹੋਈ ਸੀ ਤੇ ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਨੇ ਸਿੱਖ ਆਗੂਆਂ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਬੈਂਕ ਦੇ ਸਿਖਰਲੇ ਆਹੁਦੇ `ਤੇ ਕੇਵਲ ਸਿੱਖ ਨੂੰ ਹੀ ਨਿਯੁਕਤ ਕੀਤਾ ਜਾਵੇਗਾ। ਇਸ ਕਾਰਨ ਹੁਣ ਤੱਕ ਇੱਕ ਸਿੱਖ ਨੂੰ ਹੀ ਬੈਂਕ ਦਾ ਐਮਡੀ ਨਿਯੁਕਤ ਕੀਤਾ ਜਾਂਦਾ ਰਿਹਾ ਹੈ।


ਢੀਂਡਸਾ ਨੇ ਕਿਹਾ ਕਿ ਹਾਲਾਂਕਿ 1980 ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਕੌਮੀਕਾਰਨ ਹੋਣ ਤੋਂ ਬਾਅਦ ਇਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਸਿੱਖ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਾਦਾਦ ਲਗਾਤਾਰ ਘੱਟਦੀ ਗਈ ਪਰ ਕਦੇ ਵੀ ਕੇਂਦਰ ਸਰਕਾਰ ਨੇ ਕਿਸੇ ਗੈਰ-ਸਿੱਖ ਨੂੰ ਬੈਂਕ ਦਾ ਐਮਡੀ ਨਹੀ ਨਿਯੁਕਤ ਕੀਤਾ।


ਉਨ੍ਹਾਂ ਕਿਹਾ ਕਿ ਪੰਜਾਬ ਐਂਡ ਸਿੰਧ ਬੈਂਕ ਨੂੰ ਸਿੱਖ ਬੈਂਕ ਵਜੋਂ ਜਾਣਿਆ ਜਾਂਦਾ ਹੈ। ਢੀਂਡਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਨਿਯੁਕਤੀ `ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਸਿੱਖ ਨੂੰ ਹੀ ਇਸ ਆਹੁਦੇ `ਤੇ ਨਿਯੁਕਤ ਕਰਨ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Chief Minister Bhagwant Mann: ਸ਼ਰਾਬ ਮਾਫ਼ੀਆ ਦਾ ਖਾਤਮਾ ਹੁਣ ਪੰਜਾਬ 'ਚ ਟਰਾਂਸਪੋਰਟ ਮਾਫ਼ੀਆ ਦੀ ਕਬਰ ਪੁੱਟੀ ਗਈ: ਸੀਐਮ ਭਗਵੰਤ ਮਾਨ