ਚੰਡੀਗੜ੍ਹ: ਬੀਜੇਪੀ ਨਾਲ ਗੱਠਜੋੜ ਕਰਨ ਲਈ ਕਾਹਲੇ ਸੁਖਦੇਵ ਸਿੰਘ ਢੀਂਡਸਾ ਨੂੰ ਵੱਡਾ ਝਟਕਾ ਲੱਗਾ ਹੈ। ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਉਨ੍ਹਾਂ ਦਾ ਸਾਥ ਛੱਡ ਅਕਾਲੀ ਦਲ 'ਚ ਜਾ ਰਹੇ ਹਨ। ਖ਼ਬਰ ਹੈ ਕਿ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅੱਜ ਘਰ ਵਾਪਸੀ ਯਾਨੀ ਮੁੜ ਤੋਂ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਹਨ। ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਉਹ ਅਕਾਲੀ ਦਲ (ਯੂ) ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ।
ਇਹ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹੀ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਜਾਵੇਗਾ। ਬ੍ਰਹਮਪੁਰਾ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 15 ਸਥਿਤ ਉਨ੍ਹਾਂ ਦੇ ਘਰ ਆਉਣਗੇ। ਇਸ ਨੂੰ ਸੁਖਦੇਵ ਸਿੰਘ ਢੀਂਡਸਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਬ੍ਰਹਮਪੁਰਾ ਦੇ ਅਕਾਲੀ ਦਲ ਵਿੱਚ ਜਾਣ ਨਾਲ ਅਕਾਲੀ ਦਲ (ਯੂ) ਦੋਫਾੜ ਹੋ ਜਾਏਗਾ।
ਦੱਸ ਦਈਏ ਕਿ ਸੁਖਬੀਰ ਦੀ ਵਧਦੀ ਸਰਦਾਰੀ ਨੂੰ ਦੇਖਦਿਆਂ ਰਣਜੀਤ ਬ੍ਰਹਮਪੁਰਾ ਨੇ ਅਕਾਲੀ ਦਲ ਛੱਡਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ 'ਤੇ ਕਈ ਦੋਸ਼ ਵੀ ਲਗਾਏ ਸੀ। ਇਸ ਤੋਂ ਬਾਅਦ ਢੀਂਡਸਾ ਨਾਲ ਮਿਲ ਕੇ ਉਨ੍ਹਾਂ ਨੇ ਸੰਯੁਕਤ ਅਕਾਲੀ ਦਲ ਦਾ ਗਠਨ ਕੀਤਾ। ਹਾਲਾਂਕਿ ਹੁਣ ਢੀਂਡਸਾ ਦੇ ਭਾਜਪਾ ਨਾਲ ਗਠਜੋੜ ਦੇ ਵਿਰੋਧ 'ਚ ਉਹ ਅਕਾਲੀ ਦਲ 'ਚ ਵਾਪਸੀ ਕਰ ਰਹੇ ਹਨ।
ਰਣਜੀਤ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਖ਼ਿਲਾਫ਼ ਮਾਹੌਲ ਬਣਿਆ ਹੋਇਆ ਹੈ। ਕਿਸਾਨ ਅੰਦੋਲਨ ਭਾਵੇਂ ਖ਼ਤਮ ਹੋ ਗਿਆ ਹੋਵੇ, ਪਰ ਇਸ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਰੋਸ ਹੈ। ਇਸ ਲਈ ਭਾਜਪਾ ਨਾਲ ਗਠਜੋੜ ਕਰਨਾ ਉਚਿਤ ਨਹੀਂ ਹੈ। ਇਸ ਦੇ ਬਾਵਜੂਦ ਢੀਂਡਸਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਜਿਸ 'ਤੇ ਬ੍ਰਹਮਪੁਰਾ ਨੇ ਸਵਾਲ ਉਠਾਏ ਸੀ।
ਦਰਅਸਲ ਪੰਜਾਬ ਵਿੱਚ ਜਦੋਂ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚਲਾ ਰਹੇ ਸੀ, ਉਦੋਂ ਤੱਕ ਕਈ ਸੀਨੀਅਰ ਆਗੂ ਉਨ੍ਹਾਂ ਦੇ ਨਾਲ ਖੜ੍ਹੇ ਸੀ। ਇਸ ਦੇ ਨਾਲ ਹੀ ਜਿਵੇਂ-ਜਿਵੇਂ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਦਾ ਦਬਦਬਾ ਵਧਦਾ ਗਿਆ ਤਾਂ ਸੀਨੀਅਰ ਅਕਾਲੀ ਆਗੂ ਨਾਰਾਜ਼ ਹੋਣ ਲੱਗੇ। ਪ੍ਰਕਾਸ਼ ਸਿੰਘ ਬਾਦਲ ਵਾਂਗ ਰਣਜੀਤ ਬ੍ਰਹਮਪੁਰਾ ਤੇ ਸੁਖਦੇਵ ਢੀਂਡਸਾ ਵੀ ਦਿੱਗਜ ਅਕਾਲੀ ਆਗੂ ਸੀ। ਹਾਲਾਂਕਿ ਸੁਖਬੀਰ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਬਗਾਵਤ ਕਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਵੱਖਰੀ ਪਾਰਟੀ ਬਣਾਈ।
ਇਹ ਵੀ ਪੜ੍ਹੋ: Bikram Majithia: ਆਖਰ ਕਿੱਥੇ ਗਿਆ ਬਿਕਰਮ ਮਜੀਠੀਆ? ਪੁਲਿਸ ਨੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਰਾਜਸਥਾਨ ਛਾਣ ਮਾਰੇ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/