Punjab News: ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਪ੍ਰਦੇਸ਼ ਪ੍ਰਧਾਨ ਅਮਨ ਅਰੋੜਾ ਅਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਨੇਤਾਵਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਉਨ੍ਹਾਂ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਬਾਜਵਾ ਨੇ ਇਸ ਮਾਮਲੇ ਵਿੱਚ FIR ਦਰਜ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਬਾਜਵਾ ਵੱਲੋਂ ਲਿਖੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ FIR ਦਰਜ ਕੀਤੀ ਗਈ ਹੈ, ਜਦਕਿ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਇੱਕ ਵਿਧਾਇਕ ਹਨ। ਵਿਜੀਲੈਂਸ ਦੇ ਅਧਿਕਾਰੀ ਕਾਨੂੰਨ ਦੀ ਘੋਰ ਉਲੰਘਣਾ ਕਰਦਿਆਂ ਉਨ੍ਹਾਂ ਦੇ ਘਰ ਵਿੱਚ ਵੜ ਗਏ ਅਤੇ ਉਨ੍ਹਾਂ ਦੇ ਬੈੱਡਰੂਮ ਤੱਕ ਪਹੁੰਚ ਗਏ। ਇੱਕ ਔਰਤ ਦੇ ਖਿਲਾਫ਼ ਅਜਿਹਾ ਵਿਹਾਰ ਨਾ ਸਿਰਫ਼ ਅਣਉਚਿਤ ਹੈ ਸਗੋਂ ਕਾਨੂੰਨ ਦੇ ਵੀ ਖ਼ਿਲਾਫ਼ ਹੈ। ਮੈਂ ਆਪਣੇ ਵੀਡੀਓ ਵਿੱਚ ਸੁਖਪਾਲ ਸਿੰਘ ਖਹਿਰਾ ਬਾਰੇ ਗੱਲ ਕੀਤੀ ਸੀ, ਪਰ ਵੀਡੀਓ ਵਿੱਚ ਗਨੀਵ ਕੌਰ ਮਜੀਠੀਆ ਕਿਹਾ ਗਿਆ। ਉਨ੍ਹਾਂ ਦੀ ਟੀਮ ਨੇ ਵੀਡੀਓ 'ਚੋਂ "ਗਨੀਵ ਕੌਰ" ਹਟਾ ਕੇ ਸਿਰਫ਼ "ਮਜੀਠੀਆ" ਛੱਡ ਦਿੱਤਾ।
ਇਸ ਮਾਮਲੇ ਵਿੱਚ, ਉਨ੍ਹਾਂ ਨੇ 25 ਜੂਨ 2025 ਨੂੰ ਇੱਕ ਵੀਡੀਓ ਪੋਸਟ ਕੀਤਾ, ਜਿਸ ਵਿੱਚ ਤਿੰਨ ਮਿੰਟ 13 ਸਕਿੰਟ ਦੀ ਵੀਡੀਓ ਵਿੱਚ ਮਹਿਲਾ ਵਿਧਾਇਕ ਗਨੀਵ ਕੌਰ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਕਥਿਤ ਦੁਰਵਿਵਹਾਰ ਦੀ ਨਿੰਦਾ ਕੀਤੀ ਗਈ ਸੀ। ਹਾਲਾਂਕਿ, ਉਕਤ ਆਗੂਆਂ ਅਤੇ ਉਨ੍ਹਾਂ ਦੀ ਟੀਮ ਨੇ ਇਸ ਵੀਡੀਓ ਨੂੰ ਇਸ ਤਰ੍ਹਾਂ ਸੰਪਾਦਿਤ ਕੀਤਾ ਕਿ ਅਜਿਹਾ ਲੱਗੇ ਜਿਵੇਂ ਮੈਂ ਬਿਕਰਮ ਸਿੰਘ ਮਜੀਠੀਆ ਵਿਰੁੱਧ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਹੋਵੇ। ਮੈਂ ਵਿਰੋਧ ਵਿਧਾਇਕ ਦੇ ਚੰਡੀਗੜ੍ਹ ਵਾਲੇ ਘਰ ਦਾ ਕੀਤਾ ਸੀ।
ਇਨ੍ਹਾਂ ਨੇਤਾਵਾਂ ਵੱਲੋਂ ਇਹ ਸਭ ਕੁਝ ਉਨ੍ਹਾਂ ਦੀ ਰਾਜਨੀਤਿਕ ਛਵੀ ਅਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਨੀਤ ਨਾਲ ਕੀਤਾ ਗਿਆ ਹੈ। ਵੀਡੀਓ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਅਸਲੀ ਅਤੇ ਛੇੜਛਾੜ ਕੀਤੇ ਵੀਡੀਓ ਦੀ ਪੈਨ ਡਰਾਈਵ ਵੀ ਪੁਲਿਸ ਨੂੰ ਸੌਂਪੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਗੈਰਕਾਨੂੰਨੀ ਹੀ ਨਹੀਂ, ਬਲਕਿ ਆਈ.ਟੀ. ਐਕਟ ਅਤੇ ਭਾਰਤੀ ਦੰਡ ਸੰਹਿਤਾ 2023 ਦੇ ਤਹਿਤ ਦੰਡਯੋਗ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਬਾਜਵਾ ਵਿਰੁੱਧ 50 ਗ੍ਰੇਨੇਡ ਵਾਲਾ ਬਿਆਨ ਦੇਣ 'ਤੇ ਦਰਜ ਹੋਈ FIR
ਪ੍ਰਤਾਪ ਸਿੰਘ ਬਾਜਵਾ ਨੇ 13 ਅਪ੍ਰੈਲ ਨੂੰ ਇੱਕ ਟੀਵੀ ਚੈਨਲ ਦੇ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 50 ਗ੍ਰੇਨੇਡ ਆ ਚੁੱਕੇ ਹਨ। ਉਨ੍ਹਾਂ ਮੁਤਾਬਕ 18 ਗ੍ਰੇਨੇਡਾਂ ਦੀ ਵਰਤੋਂ ਹੋ ਚੁੱਕੀ ਹੈ ਅਤੇ 32 ਹੋਰ ਸੂਬੇ ਭਰ ਵਿੱਚ ਧਮਾਕਿਆਂ ਲਈ ਬਾਕੀ ਹਨ। ਇੰਟਰਵਿਊ ਚਲਣ ਤੋਂ ਪਹਿਲਾਂ ਹੀ ਇਸਦਾ ਟੀਜ਼ਰ ਸਾਹਮਣੇ ਆ ਗਿਆ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਅਤੇ ਉਸੇ ਦਿਨ ਸ਼ਾਮ ਨੂੰ ਮੋਹਾਲੀ ਵਿੱਚ ਬਾਜਵਾ ਵਿਰੁੱਧ FIR ਦਰਜ ਕਰ ਦਿੱਤੀ ਗਈ। ਹੁਣ ਇਹ ਮਾਮਲਾ ਹਾਈਕੋਰਟ ਤੱਕ ਪਹੁੰਚ ਚੁੱਕਾ ਹੈ। ਇਸਦੇ ਨਾਲ ਹੀ, ਪੰਜਾਬ ਪੁਲਿਸ ਵੱਲੋਂ ਬਾਜਵਾ ਨਾਲ ਕਈ ਵਾਰੀ ਪੁੱਛਗਿੱਛ ਵੀ ਕੀਤੀ ਗਈ ਹੈ।