Punjab Bandh: ਕਿਸਾਨਾਂ ਨੇ ਅੱਜ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ਵਿਖੇ ਮੀਟਿੰਗ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੀਆਂ ਰੇਲ ਗੱਡੀਆਂ, ਬੱਸਾਂ ਅਤੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ।

Continues below advertisement


ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਦੌਰਾਨ ਸੜਕੀ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਪੰਜਾਬ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਮੀਟਿੰਗ ਵਿੱਚ ਟੀਚਿੰਗ, ਟਰਾਂਸਪੋਰਟ, ਬਿਜਲੀ ਮੁਲਾਜ਼ਮਾਂ, ਆਸ਼ਾ ਵਰਕਰਾਂ, ਸਾਬਕਾ ਫੌਜੀਆਂ, ਪ੍ਰੋਫੈਸਰਾਂ, ਪੱਤਰਕਾਰ ਸੰਘ, ਵਪਾਰਕ ਮੰਡਲ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।


ਅੱਜ ਪੰਜਾਬ ਬੰਦ ਸਬੰਧੀ ਜ਼ਿਲ੍ਹਿਆਂ ਵਿੱਚ ਹੋਵੇਗੀ ਮੀਟਿੰਗ
ਉੱਥੇ ਹੀ ਅੱਜ ਬਾਅਦ ਦੁਪਹਿਰ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੰਦ ਨੂੰ ਲੈਕੇ ਮੀਟਿੰਗ ਹੋਵੇਗੀ। ਇਸ ਦੌਰਾਨ ਸਾਰੇ ਟੋਲ ਪਲਾਜ਼ਿਆਂ 'ਤੇ ਬੰਦ ਸਬੰਧੀ ਬੈਨਰ ਲਗਾਏ ਜਾਣਗੇ। ਬੱਸਾਂ ਦੇ ਕੰਡਕਟਰ ਟਿਕਟ ਦੇਣ ਤੋਂ ਪਹਿਲਾਂ ਲੋਕਾਂ ਨੂੰ ਪੰਜਾਬ ਬੰਦ ਬਾਰੇ ਜਾਣਕਾਰੀ ਦੇਣਗੇ। ਪਿੰਡਾਂ ਦੇ ਸਾਰੇ ਗੁਰਦੁਆਰਿਆਂ ਤੋਂ ਲਗਾਤਾਰ ਬੰਦ ਨੂੰ ਲੈਕੇ ਅਪੀਲ ਕੀਤੀ ਜਾ ਰਹੀ ਹੈ।


ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ (ਸ਼ੁੱਕਰਵਾਰ) 32ਵਾਂ ਦਿਨ ਹੈ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਹੁਣ ਉਹ ਗੱਲ ਕਰਨ ਦੇ ਵੀ ਯੋਗ ਨਹੀਂ ਰਹੇ। ਉਹ ਇਸ਼ਾਰਿਆਂ ਰਾਹੀਂ ਹੀ ਗੱਲਬਾਤ ਕਰ ਰਹੇ ਹਨ।


ਸਰਕਾਰੀ ਡਾਕਟਰ ਵੀ ਕਰਨ ਟੈਸਟ 
ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਬਹੁਤ ਚਿੰਤਾਜਨਕ ਹੈ। ਉਨ੍ਹਾਂ ਨੇ 31 ਦਿਨਾਂ ਤੋਂ ਕੁਝ ਨਹੀਂ ਖਾਧਾ ਅਤੇ ਪਾਣੀ ਤੋਂ ਇਲਾਵਾ ਕੁਝ ਨਹੀਂ ਪੀਤਾ। ਉਨ੍ਹਾਂ ਦੇ ਹੱਥ ਪੀਲੇ ਪੈ ਗਏ ਹਨ। ਉਹ ਹੁਣ ਬੋਲਣ ਦੇ ਵੀ ਯੋਗ ਨਹੀਂ ਰਹੇ ਹਨ।


ਇਸ ਦੇ ਨਾਲ ਹੀ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਹੈ ਕਿ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਕਿਸੇ ਵੀ ਸੰਵਿਧਾਨਕ ਅਦਾਰੇ ਨੂੰ ਕੋਈ ਭੁਲੇਖਾ ਨਾ ਰਹੇ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਕੀਟੋਨ ਬਾਡੀ ਸਮੇਤ ਸਾਰੇ ਟੈਸਟ ਸਰਕਾਰੀ ਡਾਕਟਰਾਂ ਤੋਂ ਕਰਵਾਏ ਜਾਣ ਅਤੇ ਉਨ੍ਹਾਂ ਦੀ ਰਿਪੋਰਟ ਦੇਸ਼ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ 2 ਜਨਵਰੀ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੈ।