Breaking News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਹਿਲੀ ਸੂਬਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਕਾਰਜਕਾਰਨੀ ਵਿੱਚ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਨੂੰ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਸੌਂਪੀ ਹੈ, ਜਦਕਿ ਜਲੰਧਰ ਦੇ ਸਾਬਕਾ ਸੀਪੀਐਸ ਕੇਡੀ ਭੰਡਾਰੀ ਤੇ ਰਾਜੇਸ਼ ਬਾਘਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਰਾਕੇਸ਼ ਰਾਠੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੋਰ ਕਮੇਟੀ ਵਿੱਚ ਕੈਪਟਨ ਅਮਰਿੰਦਰ ਸਿੰਘ, ਵਿਜੇ ਸਾਂਪਲਾ ਤੇ ਮਨੋਰੰਜਨ ਕਾਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਕਰ ਕਰ ਦਈਏ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਜ਼ਿਆਦਾਤਰ ਅਹੁਦੇ ਦੂਜੇ ਪਾਰਟੀਆਂ ਤੋਂ ਆਏ ਲੀਡਰਾਂ ਨੂੰ ਦਿੱਤੇ ਹਨ ਜਿਸ ਤੋਂ ਬਾਅਦ ਭਾਜਪਾ ਦੇ ਟਕਸਾਲੀ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਭਾਜਪਾ ਦੇ ਟਕਸਾਲੀ ਲੀਡਰ ਵੱਲੋਂ ਵਿਰੋਧ
ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਇਸ ਸੂਚੀ ਵਿੱਚ ਸੀਨੀਅਰ ਆਗੂਆਂ ਨੂੰ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ 75 ਫੀਸਦੀ ਬਾਹਰੀ ਵਿਅਕਤੀਆਂ ਨੂੰ ਸੂਚੀ ਵਿੱਚ ਥਾਂ ਦਿੱਤੀ ਗਈ ਹੈ ਜੋ ਕਿ ਸਰਾਸਰ ਧੱਕਾ ਅਤੇ ਬੇਇਨਸਾਫੀ ਹੈ।
ਭਾਜਪਾ ਦੇ ਆਗੂਆਂ ਦੀ ਸੱਦੀ ਮੀਟਿੰਗ
ਜ਼ਿਕਰ ਕਰ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਗਰੇਵਾਲ ਨੇ 24 ਸਤੰਬਰ, 2023 ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਪੰਜਾਬ ਭਾਜਪਾ ਦਫ਼ਤਰ ਸੈਕਟਰ 37-ਏ, ਚੰਡੀਗੜ੍ਹ ਵਿਖੇ ਭਾਜਪਾ ਆਗੂਆਂ ਦੀ ਮੀਟਿੰਗ ਸੱਦੀ ਹੈ। ਉਨ੍ਹਾਂ ਪੰਜਾਬ ਭਰ ਤੋਂ ਸਾਰੇ ਭਾਜਪਾਈਆਂ ਨੂੰ ਮੀਟਿੰਗ ਵਿੱਚ ਖੁੱਲ੍ਹਾ ਸੱਦਾ ਦਿੰਦੇ ਹੋਏ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਚੰਡੀਗੜ੍ਹ ਪਹੁੰਚਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੀਨੀਅਰ ਆਗੂਆਂ ਦੀ ਰਾਏ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।