ਪੰਜਾਬ BJP ਨੇ ਕੈਪਟਨ ਦੇ ਦਾਅਵੇ ਨੂੰ ਨਕਾਰਿਆ: ਵਰਕਿੰਗ ਪ੍ਰਧਾਨ ਨੇ ਕਿਹਾ- ਸਾਰੇ 117 ਸੀਟਾਂ 'ਤੇ ਲੜਾਂਗੇ, ਹਰਸਿਮਰਤ ਬਾਦਲ ਨੇ ਆਖੀ ਵੱਡੀ ਗੱਲ...'ਗਠਜੋੜ ਨਾਲ ਹੀ ਬਣੇਗੀ ਸਰਕਾਰ'
2027 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਜਿਸ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਤਰ੍ਹਾਂ ਚਰਚਾਵਾਂ ਜ਼ੋਰਾਂ ਉੱਤੇ ਹਨ, ਜਿਨ੍ਹਾਂ ਵਿੱਚੋਂ ਭਾਜਪਾ ਅਤੇ ਅਕਾਲੀ ਗਠਜੋੜ ਹੋਣ ਵਾਲੀ ਗੱਲ ਖੂਬ ਸੁਰਖੀਆਂ ਦੇ ਵਿੱਚ ਹੈ।

2027 ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਭਾਰ ਹੋਈ ਪਈ ਹੈ। ਜਿਸ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਕਈ ਤਰ੍ਹਾਂ ਚਰਚਾਵਾਂ ਜ਼ੋਰਾਂ ਉੱਤੇ ਹਨ, ਜਿਨ੍ਹਾਂ ਵਿੱਚੋਂ ਭਾਜਪਾ ਅਤੇ ਅਕਾਲੀ ਗਠਜੋੜ ਹੋਣ ਵਾਲੀ ਗੱਲ ਖੂਬ ਸੁਰਖੀਆਂ ਦੇ ਵਿੱਚ ਹੈ। BJP ਨੇ ਪੰਜਾਬ ਵਿੱਚ ਅਕਾਲੀ ਦਲ (ਬਾਦਲ) ਨਾਲ ਗਠਜੋੜ ਲਾਜ਼ਮੀ ਹੋਣ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ। ਪੰਜਾਬ BJP ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਾਹਿਬ ਵੱਡੇ ਨੇ, ਉਹਨਾਂ ਆਪਣੀ ਨਿੱਜੀ ਰਾਏ ਦਿੱਤੀ ਹੈ। ਪਾਰਟੀ ਸ਼ੁਰੂ ਤੋਂ ਹੀ ਸਪੱਸ਼ਟ ਹੈ ਕਿ 117 ਸੀਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਆਪਣੀਆਂ ਸਰਗਰਮੀਆਂ ਕਰ ਰਹੀ ਹੈ। ਯੋਜਨਾ ਬਣਾ ਰਹੀ ਹੈ ਅਤੇ ਸੰਗਠਨਕ ਢਾਂਚੇ ਦਾ ਵਿਸਤਾਰ ਕਰ ਰਹੀ ਹੈ। ਪਾਰਟੀ 117 ਸੀਟਾਂ 'ਤੇ ਸੰਗਠਨਾਤਮਕ ਅਤੇ ਅੰਦੋਲਨਾਤਮਕ ਢੰਗ ਨਾਲ ਕੰਮ ਕਰ ਰਹੀ ਹੈ।
ਕੈਪਟਨ ਨੇ ਕੁਝ ਦਿਨ ਪਹਿਲਾਂ ਇੱਕ ਪੋਡਕਾਸਟ ਵਿੱਚ ਕਿਹਾ ਸੀ ਕਿ BJP ਪੰਜਾਬ ਵਿੱਚ ਇਕੱਲੇ ਸਰਕਾਰ ਨਹੀਂ ਬਣਾ ਸਕਦੀ। ਜੇ ਅਕਾਲੀ ਦਲ ਨਾਲ ਗਠਜੋੜ ਨਾ ਹੋਇਆ ਤਾਂ 2027 ਤਾਂ ਕੀ 2032 ਵਿੱਚ ਵੀ ਸਰਕਾਰ ਬਣਾਉਣ ਦੀ ਗੱਲ ਭੁੱਲ ਜਾਣੀ ਪਵੇਗੀ। ਇਸ ਲਈ ਕਈ ਚੋਣਾਂ ਲੜਨੀਆਂ ਪੈਣਗੀਆਂ।
ਅਸ਼ਵਨੀ ਸ਼ਰਮਾ ਨੇ ਪੁੱਛਿਆ- ਸਾਂਸਦ ਹਰਸਿਮਰਤ ਬਾਦਲ ਕਦੋਂ ਤੋਂ ਜੋਤਿਸ਼ੀ ਬਣ ਗਈਆਂ…
ਅਸ਼ਵਨੀ ਸ਼ਰਮਾ ਤੋਂ ਪੁੱਛਿਆ ਗਿਆ ਕਿ ਹਰਸਿਮਰਤ ਬਾਦਲ ਨੇ ਕਿਹਾ ਕਿ BJP ਇਕੱਲੀ 2032 ਵਿੱਚ ਵੀ ਸਰਕਾਰ ਨਹੀਂ ਬਣਾ ਸਕੇਗੀ। ਇਸ ‘ਤੇ ਸ਼ਰਮਾ ਨੇ ਕਿਹਾ- ਉਹ ਸਾਡੀ ਵੱਡੀ ਭੈਣ ਹਨ। ਉਹ ਪੌਲਿਟੀਸ਼ਨ ਦੀ ਥਾਂ ਜੋਤਿਸ਼ੀ ਕਦੋਂ ਤੋਂ ਬਣ ਗਈਆਂ? ਰਾਜਨੀਤੀ ਵਿੱਚ ਕਦੋਂ ਕੀ ਹੋਵੇਗਾ, ਕੌਣ ਜਿੱਤੇਗਾ, ਜੋ ਅੱਜ ਸੱਤਾ ਵਿੱਚ ਹਨ ਉਹਨਾਂ ਬਾਰੇ ਕਿਸੇ ਨੇ ਸੋਚਿਆ ਸੀ ਕਿ ਅਜਿਹਾ ਹੋਵੇਗਾ? ਉਹਨਾਂ ਨੂੰ ਤਾਂ ਖੁਦ ਵੀ ਉਮੀਦ ਨਹੀਂ ਸੀ। ਇਸ ਲਈ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ। ਜਨਤਾ ਹੀ ਤੈਅ ਕਰਦੀ ਹੈ ਕਿ ਕਿਸ ਦੇ ਸਿਰ ‘ਤੇ ਤਾਜ ਪਾਉਣਾ ਹੈ। ਦੇਸ਼ ਦੀ ਤਰ੍ਹਾਂ ਪੰਜਾਬ ਵੀ BJP ਨੂੰ ਚਾਹੁੰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਜੇ BJP ਨੂੰ 2027 ਵਿੱਚ ਪੰਜਾਬ ਵਿਧਾਨ ਸਭਾ ਚੋਣ ਜਿੱਤਣੀ ਹੈ ਤਾਂ ਇਸ ਲਈ ਉਹਨਾਂ ਨੂੰ ਸਿਰਫ਼ ਅਕਾਲੀ ਦਲ ਦੇ ਨਾਲ ਹੀ ਜਾਣਾ ਪਵੇਗਾ। ਹੋਰ ਕੋਈ ਰਾਸਤਾ ਨਹੀਂ ਹੈ। ਉਹਨਾਂ ਨੇ ਦਲੀਲ ਦਿੱਤੀ ਕਿ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਸੰਕਲਪਾਂ ਦੀ ਜਟਿਲਤਾ ਸਿਰਫ਼ ਸਥਾਨਕ ਗਠਜੋੜ ਰਾਹੀਂ ਹੀ ਮਜ਼ਬੂਤ ਹੋ ਸਕਦੀ ਹੈ।
ਇਸਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ BJP ਦਾ ਆਧਾਰ ਨਹੀਂ ਹੈ, ਪਰ ਅਕਾਲੀ ਦਲ ਦਾ ਹੈ। ਇਸ ਲਈ ਦੋਹਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਲੋੜ ਹੈ, ਤਦ ਹੀ ਪੰਜਾਬ ਵਿੱਚ ਸਰਕਾਰ ਬਣ ਸਕਦੀ ਹੈ। ਕੈਪਟਨ ਨੇ ਕਿਹਾ ਕਿ ਇਹ ਮੇਰਾ ਤਜਰਬਾ ਹੈ। ਜੇ BJP ਅਕਾਲੀ ਦਲ ਨਾਲ ਗਠਜੋੜ ਨਹੀਂ ਕਰਦੀ, ਤਾਂ 2027 ਅਤੇ 2032 ਵਿੱਚ ਸਰਕਾਰ ਬਣਾਉਣ ਦੀ ਗੱਲ ਭੁੱਲ ਜਾਓ।
ਹਰਸਿਮਰਤ ਨੇ ਵੀ ਕਿਹਾ ਗਠਜੋੜ ਦੇ ਬਿਨਾਂ BJP ਦਾ ਸਰਕਾਰ ਵਿੱਚ ਆਉਣਾ ਨਾਮੁਮਕਿਨ ਹੈ
ਕੈਪਟਨ ਦੇ ਬਿਆਨ ’ਤੇ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ BJP ਕਦੇ ਵੀ ਇਕੱਲੀ ਸਰਕਾਰ ਨਹੀਂ ਬਣਾ ਸਕਦੀ। ਉਨ੍ਹਾਂ ਦੇ ਸੀਨੀਅਰ ਆਗੂ ਜਾਖੜ ਸਾਹਿਬ ਹੋਣ ਜਾਂ ਕੈਪਟਨ ਅਮਰਿੰਦਰ ਸਿੰਘ ਹੋਣ, ਇਹ ਸਭ ਗ੍ਰਾਊਂਡ ਰੀਅਲਿਟੀ ਨੂੰ ਜਾਣਦੇ ਹਨ। ਪਰ ਇੱਥੇ ਦਿੱਲੀ ਵਿੱਚ ਬੈਠੇ BJP ਦੇ ਸਲਾਹਕਾਰ, ਜੋ ਆਪਣੇ ਨਿੱਜੀ ਹਿੱਤ ਲਈ ਉਨ੍ਹਾਂ ਦੇ ਮੋਢਿਆਂ ’ਤੇ ਬੈਠੇ ਹਨ, ਉਨ੍ਹਾਂ ਦੀ ਦੁਕਾਨ ਬੰਦ ਹੋ ਜਾਵੇਗੀ ਜੇ ਅਕਾਲੀ ਦਲ ਨਾਲ ਗਠਜੋੜ ਹੋਵੇ। ਇਸ ਲਈ ਉਹ ਉਨ੍ਹਾਂ ਦੇ ਕੰਨਾਂ ਵਿੱਚ ਫੂਕਾਂ ਭਰਦੇ ਰਹਿੰਦੇ ਹਨ। ਉਨ੍ਹਾਂ ਨੂੰ ਗ੍ਰਾਊਂਡ ਰੀਅਲਿਟੀ ਦਾ ਪਤਾ ਨਹੀਂ।
ਹਰਸਿਮਰਤ ਨੇ ਕੈਪਟਨ ਦੇ ਬਿਆਨ ਬਾਰੇ ਅੱਗੇ ਕਿਹਾ- ਗੱਲ ਸਹੀ ਹੈ, 2032 ਵਿੱਚ ਵੀ ਸਰਕਾਰ ਬਣਨ ਦੇ ਕੋਈ ਚਾਂਸ ਨਹੀਂ ਹਨ। ਪਰ, ਗਠਜੋੜ ਨਾਲ ਸਰਕਾਰ ਬਣ ਸਕਦੀ ਹੈ। ਅਤੇ ਗਠਜੋੜ ਤਦ ਹੀ ਹੋਵੇਗਾ ਜਦੋਂ ਪੰਜਾਬ ਦੇ ਮੁੱਦਿਆਂ ਨੂੰ ਠੀਕ ਤਰ੍ਹਾਂ ਹੱਲ ਕੀਤਾ ਜਾਵੇਗਾ। ਕਿਉਂਕਿ ਅਕਾਲੀ ਦਲ ਸਿਰਫ਼ ਸੱਤਾ ਲਈ ਨਹੀਂ ਬਣੀ ਸੀ। ਇਹ ਪਾਰਟੀ 105 ਸਾਲ ਪਹਿਲਾਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਬਣੀ ਸੀ।
ਹਰਸਿਮਰਤ ਨੇ ਕਿਹਾ- ਮੈਂ ਆਪਣਾ ਮੰਤਰੀ ਪਦ ਛੱਡ ਦਿੱਤਾ, ਹਾਲਾਂਕਿ ਮੇਰੇ ਚਾਰ ਸਾਲ ਹੋਰ ਬਾਕੀ ਸਨ। ਲੋਕ ਤਾਂ ਸਰਪੰਚੀ ਨਹੀਂ ਛੱਡਦੇ, ਪਰ ਮੈਂ ਕਿਸਾਨਾਂ ਪ੍ਰਤੀ ਆਪਣਾ ਫਰਜ਼ ਸਮਝਿਆ। ਮੈਂ ਅੰਦਰੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਜਿਹਾ ਬਿੱਲ ਨਾ ਲਿਆਉ ਜੋ ਕਿਸਾਨਾਂ ਨੂੰ ਮਨਜ਼ੂਰ ਨਾ ਹੋਵੇ, ਉਨ੍ਹਾਂ ਨਾਲ ਗੱਲਬਾਤ ਕਰੋ। ਪਰ ਜਦੋਂ ਨਹੀਂ ਸੁਣਿਆ ਗਿਆ ਅਤੇ ਜਬਰਦਸਤੀ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਮੈਂ ਅਸਤੀਫਾ ਦੇ ਕੇ ਕਿਸਾਨਾਂ ਦੇ ਨਾਲ ਖੜਾ ਰਹਿਣ ਦਾ ਫੈਸਲਾ ਕੀਤਾ। ਬਾਦਲ ਸਾਹਿਬ ਨੇ 18 ਸਾਲ ਜੇਲ੍ਹ ਕੱਟੇ। ਇੰਦਿਰਾ ਗਾਂਧੀ ਦਾ ਸਾਹਮਣਾ ਕੀਤਾ। ਅਸੀਂ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਨਾਲ ਖੜੇ ਰਹੇ ਹਾਂ।






















