Punjab Breaking News LIVE : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪੁਲਿਸ ਦਾ ਨਵਾਂ ਪੈਂਤੜਾ, ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ 'ਚ ਲੱਗੇ ਪੋਸਟਰ

Punjab Breaking News LIVE : ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪੁਲਿਸ ਦਾ ਨਵਾਂ ਪੈਂਤੜਾ, ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ 'ਚ ਲੱਗੇ ਪੋਸਟਰ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਵਿਸਾਖੀ

ABP Sanjha Last Updated: 14 Apr 2023 04:47 PM
Punjab News: ਖਾਕੀ ਵਿੱਚ 'ਲੁਟੇਰੇ' ! 5000 ਦੀ ਰਿਸ਼ਵਤ ਲੈਂਦਾ ASI ਆਇਆ ਵਿਜੀਲੈਂਸ ਦੇ ਅੜਿੱਕੇ

 ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੁਲਿਸ ਥਾਣਾ, ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ-ਲੋਕਲ ਰੈਂਕ (ਏ.ਐਸ.ਆਈ.) ਰਾਜਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਲਈ ਗ੍ਰਿਫਤਾਰ ਕੀਤਾ ਹੈ। ਇੱਥੇ ਇਹ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਿਸ ਮੁਲਾਜ਼ਮ ਬੱਸੀ ਨੌਂ, ਹਰਿਆਣਾ ਦੇ ਰਹਿਣ ਵਾਲੇ ਸੰਜੇ ਉਰਫ ਆਸ਼ੂ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ।

Punjab News: ਕਣਕ ਦੀ ਕਟਾਈ ਕਰ ਰਹੀ ਕੰਬਾਈਨ ਨੂੰ ਲੱਗੀ ਅੱਗ, ਸੜ ਕੇ ਸੁਆਹ

ਪਿੰਡ ਧੁਨਕੀਆ ਵਿੱਚ ਫ਼ਸਲ ਦੀ ਕਟਾਈ ਕਰ ਰਹੀ ਕੰਬਾਈਨ ਨੂੰ ਅੱਗ ਲੱਗ ਗਈ। ਹਾਸਲ ਜਾਣਕਾਰੀ ਮੁਤਾਬਕ ਕਣਕ ਦਾ ਸੀਜ਼ਨ ਚੱਲ਼ ਰਿਹਾ ਹੈ। ਹੁਣ ਕਣਕ ਦੀ ਫਸਲ ਦੀ ਕਟਾਈ ਚੱਲ ਰਹੀ ਹੈ। ਇਸ ਤਹਿਤ ਇੱਕ ਖਬਰ ਪਿੰਡ ਧੁਨਕੀਆ ਤੋਂ ਸਾਹਮਣੇ ਆਈ ਹੈ। ਇੱਥੇ ਕਣਕ ਦੀ ਫਸਲ ਦੀ ਕਟਾਈ ਕਰ ਰਹੀ ਕੰਬਾਇਨ ਨੂੰ ਅੱਗ ਲੱਗ ਗਈ ਹੈ।

Sukhbir Badal: ਸਰਕਾਰ ਪੰਜਾਬ 'ਚ ਕਾਲੇ ਦੌਰ ਵਾਲਾ ਮਾਹੌਲ ਸਿਰਜ ਰਹੀ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਰਕਾਰ ਪੰਜਾਬ ਵਿੱਚ ਕਾਲੇ ਦੌਰ ਵਾਲਾ ਮਾਹੌਲ ਸਿਰਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸੀ।

Jalandhar News: ਬੀਜੇਪੀ ਨੂੰ ਵੱਡਾ ਝਟਕਾ! ਸਾਬਕਾ ਮੰਤਰੀ ਭਗਤ ਚੂਨੀ ਲਾਲ ਦਾ ਬੇਟਾ 'ਆਪ' 'ਚ ਸ਼ਾਮਲ

ਜਲੰਧਰ 'ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਦਲ-ਬਦਲੀ ਆਪਣੇ ਸਿਖਰ 'ਤੇ ਹੈ। ਲੀਡਰ ਨਿੱਤ ਪਾਰਟੀਆਂ ਬਦਲ ਰਹੇ ਹਨ। ਅੱਜ ਝਟਕਾ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨ ਵਾਲੇ ਭਾਜਪਾ ਦੇ ਜਲੰਧਰ ਪੱਛਮੀ ਦੇ ਇੰਚਾਰਜ ਮਹਿੰਦਰ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 


 





Coronavirus Update in Punjab : ਮੋਹਾਲੀ ਵਿੱਚ ਕੋਵਿਡ ਦੇ 68 ਮਾਮਲੇ ਆਏ ਸਾਹਮਣੇ

ਵੀਰਵਾਰ ਨੂੰ ਵੀ ਮੋਹਾਲੀ ਵਿੱਚ ਸਭ ਤੋਂ ਵੱਧ 68 ਕੋਵਿਡ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਲੁਧਿਆਣਾ 31, ਬਠਿੰਡਾ 27, ਫਾਜ਼ਿਲਕਾ 24, ਪਟਿਆਲਾ 22, ਅੰਮ੍ਰਿਤਸਰ 19, ਜਲੰਧਰ 18, ਫਿਰੋਜ਼ਪੁਰ 16, ਸੰਗਰੂਰ 14, ਪਠਾਨਕੋਟ 13, ਮੁਕਤਸਰ 11, ਹੁਸ਼ਿਆਰਪੁਰ 10, ਰੋਪੜ 8, ਬਰਨਾਲਾ ਅਤੇ ਮਾਨਸਾ ਵਿੱਚ 7-7 ਮਾਮਲੇ ਸਾਹਮਣੇ ਆਏ ਹਨ। ਗੁਰਦਾਸਪੁਰ ਵਿੱਚ ਛੇ, ਫਰੀਦਕੋਟ ਅਤੇ ਮੋਗਾ ਵਿੱਚ ਪੰਜ-ਪੰਜ, ਫਤਿਹਗੜ੍ਹ ਸਾਹਿਬ ਵਿੱਚ ਚਾਰ, ਐਸਬੀਐਸ ਨਗਰ ਵਿੱਚ ਤਿੰਨ, ਕਪੂਰਥਲਾ, ਮਲੇਰਕੋਟਲਾ ਅਤੇ ਤਰਨਤਾਰਨ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ।




 


Amritsar News ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਇਲਾਕੇ 'ਚ ਫੈਲੀ ਸਨਸਨੀ

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਆਦ ਇਲਾਕੇ ਵਿੱਚ ਸਨਸਨੀ ਫੈਲ ਗਈ ਤੇ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਵਿੱਚ ਬਨਵਾਲੀਪੁਰ ਦਾ ਰਹਿਣ ਵਾਲਾ ਵਿਅਕਤੀ ਦੇ ਗੋਲੀ ਲੱਗਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਤਰਨ ਤਾਰਨ ਦੇ ਪ੍ਰਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਗੋਲੀਆਂ ਦੇ ਖੋਲ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ ਮੁਲਜ਼ਮ ਦਿਲਬਾਗ ਸਿੰਘ ਫੌਜੀ ਸਾਡੀ ਜ਼ਮੀਨ ਤੇ ਜਬਰੀ ਝੂਠੇ ਕਾਗਜਾਤ ਬਣਵਾ ਕੇ ਬੋਰ ਕਰਵਾ ਰਿਹਾ ਸੀ। ਜਦ ਅਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਾਡੇ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਇੱਕ ਗੋਲੀ ਸਾਡੇ ਲੜਕੇ ਹਰਪਾਲ ਸਿੰਘ ਦੇ ਲੱਗੀ ਹੈ ਜੋ ਤਰਨ ਤਾਰਨ ਹਸਪਤਾਲ ਵਿੱਚ ਜੇਰੇ ਇਲਾਜ ਹੈ।

Punjab weather: ਪੰਜਾਬ ਤੇ ਹਰਿਆਣਾ 'ਚ ਤਾਪਮਾਨ 40 ਡਿਗਰੀ ਤੱਕ ਪਹੁੰਚਿਆ, 15 ਅਪ੍ਰੈਲ ਨੂੰ ਵੈਸਟਰਨ ਡਿਸਟਰਬੈਂਸ ਹੋਵੇਗਾ ਸਰਗਰਮ

ਪੰਜਾਬ-ਹਰਿਆਣਾ ਵਿੱਚ ਮੌਸਮ ਦਾ ਮੂਡ ਸਖ਼ਤ ਹੋ ਗਿਆ ਹੈ। ਦੋਵਾਂ ਰਾਜਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ ਵਿੱਚ 39.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 15 ਅਪ੍ਰੈਲ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 16 ਅਤੇ 17 ਅਪਰੈਲ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ।

Punjab weather: ਪੰਜਾਬ ਤੇ ਹਰਿਆਣਾ 'ਚ ਤਾਪਮਾਨ 40 ਡਿਗਰੀ ਤੱਕ ਪਹੁੰਚਿਆ, 15 ਅਪ੍ਰੈਲ ਨੂੰ ਵੈਸਟਰਨ ਡਿਸਟਰਬੈਂਸ ਹੋਵੇਗਾ ਸਰਗਰਮ

ਪੰਜਾਬ-ਹਰਿਆਣਾ ਵਿੱਚ ਮੌਸਮ ਦਾ ਮੂਡ ਸਖ਼ਤ ਹੋ ਗਿਆ ਹੈ। ਦੋਵਾਂ ਰਾਜਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ ਵਿੱਚ 39.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 15 ਅਪ੍ਰੈਲ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ 16 ਅਤੇ 17 ਅਪਰੈਲ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ।

Punjab News: 'ਆਪ' ਸਰਕਾਰ ਮੇਰਾ ਕਤਲ ਵੀ ਕਰਵਾ ਸਕਦੀ, ਵਿਸਾਖੀ ਦੀ ਛੁੱਟੀ ਦੇ ਬਾਵਜੂਦ ਮੇਰੀ ਪੇਸ਼ੀ ਲਈ ਵਿਜੀਲੈਂਸ ਦਫਤਰ ਖੁੱਲ੍ਹਵਾਇਆ: ਚੰਨੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਇਲਜ਼ਾਮ ਲਾਇਆ ਹੈ ਕਿ ਉਹ ਮੇਰਾ ਕਤਲ ਵੀ ਕਰਵਾ ਸਕਦੇ ਹਨ। ਚੰਨੀ ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਸਾਹਮਣੇ ਪੇਸ਼ ਹੋਏ ਹਨ। ਪੇਸ਼ੀ ਤੋਂ ਪਹਿਲਾਂ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਚਰਨਜੀਤ ਚੰਨੀ ਨੇ ਕਿਹਾ, 'ਵਿਜੀਲੈਂਸ ਨੇ ਪਹਿਲਾਂ 12 ਅਪ੍ਰੈਲ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਰੁਝੇਵੇਂ ਹੋਣ ਕਰਕੇ ਮੈਂ ਅਜੇ ਨਹੀਂ ਆ ਸਕਦਾ।

Fazilka News: ਅਚਾਨਕ ਨਹਿਰਾਂ 'ਚ ਛੱਡ ਦਿੱਤਾ ਜ਼ਿਆਦਾ ਪਾਣੀ, ਫਾਜ਼ਿਲਕਾ 'ਚ ਟੁੱਟੀਆਂ ਪੰਜ ਨਹਿਰਾਂ, ਹਜ਼ਾਰਾਂ ਏਕੜ ਕਣਕ ਡੁੱਬੀ

ਫਾਜ਼ਿਲਕਾ 'ਚ ਪੰਜ ਨਹਿਰਾਂ ਟੁੱਟਣ ਨਾਲ ਹਜ਼ਾਰਾਂ ਏਕੜ ਕਣਕ ਦੀ ਖੜ੍ਹੀ ਫਸਲ 'ਚ ਪਾਣੀ ਭਰ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਦੀਆਂ ਨਹਿਰਾਂ ਵਿੱਚ ਅਚਾਨਕ ਨਹਿਰੀ ਪਾਣੀ ਛੱਡ ਦਿੱਤਾ ਗਿਆ। ਤੇਜ਼ ਵਹਾਅ ਨਾਲ ਆਏ ਇਸ ਪਾਣੀ ਨੇ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਨਹਿਰੀ ਪਾਣੀ ਨੇ ਫਾਜ਼ਿਲਕਾ 'ਚ ਤਬਾਹੀ ਮਚਾਈ ਹੈ। ਤੇਜ਼ ਵਹਾਅ ਨਾਲ ਆਏ ਪਾਣੀ ਨੇ ਫਾਜ਼ਿਲਕਾ ਦੀਆਂ 5 ਨਹਿਰਾਂ ਤੋੜ ਦਿੱਤੀਆਂ। ਨਹਿਰ ਟੁੱਟਣ ਕਾਰਨ ਕਣਕ ਦੀਆਂ ਪੱਕੀਆਂ ਫਸਲਾਂ 'ਚ ਕਈ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਤੇ ਫਸਲਾਂ ਬਰਬਾਦ ਹੋ ਗਈਆਂ।

Coronavirus Update: ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ, ਨਵੇਂ ਕੇਸ 11 ਹਜ਼ਾਰ ਤੋਂ ਪਾਰ, ਕਰੋਨਾ ਫਿਰ ਮਚਾਏਗਾ ਹੰਗਾਮਾ

 ਦੇਸ਼ ਭਰ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਸਰਕਾਰ ਤੋਂ ਲੈ ਕੇ ਲੋਕਾਂ ਵਿੱਚ ਚਿੰਤਾ ਦੀਆਂ ਲਾਈਨਾਂ ਖਿੱਚ ਦਿੱਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ (14 ਅਪ੍ਰੈਲ) ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 11 ਹਜ਼ਾਰ 109 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 49 ਹਜ਼ਾਰ ਨੂੰ ਪਾਰ ਕਰ ਗਈ ਹੈ।

Patiala News: ਪੰਜਾਬ 'ਚ ਲਾਗੂ ਹੋਏਗੀ ‘ਮੇਰਾ ਘਰ ਮੇਰੇ ਨਾਮ ਸਵਾਮੀਤਵ ਯੋਜਨਾ’, ਲਾਲ ਲਕੀਰ ਅੰਦਰ ਮਿਲੇਗਾ ਜਾਇਦਾਦ ਦਾ ਕਾਨੂੰਨੀ ਮਾਲਕਾਨਾ ਹੱਕ

 ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਪੇਂਡੂ ਇਲਾਕਿਆਂ ’ਚ ਲਾਲ ਲਕੀਰ/ਆਬਾਦੀ ਅੰਦਰ ਵਸਨੀਕਾਂ ਨੂੰ ਉਨ੍ਹਾਂ ਦੀ ਜਾਇਦਾਦ ਦਾ ਕਾਨੂੰਨੀ ਮਾਲਕਾਨਾ ਹੱਕ ਮਿਲੇਗਾ। ਇਸ ਸਬੰਧੀ ਕੇਂਦਰ ਸਰਕਾਰ ਨੇ ‘ਮੇਰਾ ਘਰ ਮੇਰੇ ਨਾਮ ਸਵਾਮੀਤਵ ਯੋਜਨਾ’ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮਾਲ ਵਿਭਾਗ ਦੇ ਵਿਸ਼ੇਸ਼ ਸਕੱਤਰ-ਕਮ-ਮਿਸ਼ਨ ਡਾਇਰੈਕਟਰ ਸਵਾਮੀਤਵ ਕੇਸ਼ਵ ਹਿੰਗੋਨੀਆਂ ਨੇ ਦਿੱਤੀ।

Punjab News: ਹੱਥ 'ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ 'ਚ ਬੈਠ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ, ਉੱਭਰਦੀ ਜਵਾਨੀ ਕਤਲ ਕਰਵਾ....ਸੀਐਮ ਮਾਨ ਨੂੰ ਕੀ-ਕੀ ਬੋਲ ਗਏ ਮਜੀਠੀਆ

 ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਵਿਚਾਲੇ ਤਿੱਖੀ ਜੰਗ ਛਿੜ ਗਈ ਹੈ। ਜਲ੍ਹਿਆਂਵਾਲਾ ਬਾਗ ਸਾਕੇ ਦੀ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਨੂੰ ਆੜੇ ਹੱਥੀਂ ਲਿਆ ਤਾਂ ਮਜੀਠੀਆ ਨੇ ਜਵਾਬ ਵਿੱਚ ਤਿੱਖਾ ਹਮਲਾ ਕੀਤਾ। ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ ਹੱਥ ਵਿੱਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਵਿੱਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ, ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ, ਇਹ ਸ਼ੋਭਾ ਨਹੀਂ ਦਿੰਦਾ।

Punjab News: ਚੰਨੀ ਨੇ ਦਾਗੇ ਸਰਕਾਰ ਵੱਲ ਤਿੱਖੇ ਬਾਣ ਤਾਂ ਵਿਜੀਲੈਂਸ ਨੇ ਤੁਰੰਤ ਕਰ ਲਿਆ ਤਲਬ, ਕਾਂਗਰਸ ਭੜਕੀ

 ਪੰਜਾਬ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਸ਼ਿਕੰਜਾ ਕੱਸ ਦਿੱਤਾ ਹੈ। ਵਿਜੀਲੈਂਸ ਨੇ ਚਰਨਜੀਤ ਚੰਨੀ ਨੂੰ ਅੱਜ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਹੈ। ਖਾਸ ਗੱਲ ਹੈ ਕਿ ਪੰਜਾਬ ਵਿਜੀਲੈਂਸ ਨੇ ਇਹ ਸਖਤੀ ਚੰਨੀ ਵੱਲੋਂ ਸੀਐਮ ਭਗਵੰਤ ਮਾਨ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਮਗਰੋਂ ਵਿਖਾਈ ਹੈ। ਚੰਨੀ ਨੇ ਸਰਕਾਰ ਨੂੰ ਦਲਿਤ ਵਿਰੋਧੀ ਤੇ ਸਿੱਖ ਵਿਰੋਧੀ ਕਰਾਰ ਦਿੱਤਾ ਸੀ। ਸੂਤਰਾਂ ਮੁਤਾਬਕ ਇਸ ਤੋਂ ਦੋ ਘੰਟੇ ਬਾਅਦ ਹੀ ਐਕਸ਼ਨ ਹੋ ਗਿਆ। ਵਿਜੀਲੈਂਸ ਨੇ ਕਿਹਾ ਕਿ ਉਹ 20 ਅਪ੍ਰੈਲ ਨੂੰ ਨਹੀਂ ਸਗੋਂ ਅੱਜ ਹੀ ਜਾਂਚ ਵਿੱਚ ਪੇਸ਼ ਹੋਣ।

Punjab Corona Update: ਪੰਜਾਬ 'ਚ ਇੱਕ ਦਿਨ 'ਚ 321 ਮਾਮਲੇ, 2 ਸੰਕਰਮਿਤ ਦੀ ਮੌਤ, 6 ਦੀ ਹਾਲਤ ਗੰਭੀਰ

ਪੰਜਾਬ ਵਿੱਚ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਵੀਰਵਾਰ ਨੂੰ ਰਾਜ ਵਿੱਚ ਦੋ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 321 ਨਵੇਂ ਸੰਕਰਮਿਤ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਕੋਰੋਨਾ ਦੀ ਲਾਗ ਦਰ ਵਧ ਕੇ 7.09 ਪ੍ਰਤੀਸ਼ਤ ਹੋ ਗਈ ਹੈ। ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਵਧ ਕੇ 1092 ਹੋ ਗਈ ਹੈ। ਇਨ੍ਹਾਂ ਵਿੱਚੋਂ 19 ਮਰੀਜ਼ ਆਕਸੀਜਨ ’ਤੇ ਹਨ ਅਤੇ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Vaisakhi 2023: ਗਿਆਨੀ ਰਘਬੀਰ ਸਿੰਘ ਦਾ ਵੱਡਾ ਇਲਜ਼ਾਮ, ਵਿਸਾਖੀ 'ਤੇ ਆਉਣ ਵਾਲੇ ਦਸਤਾਰਧਾਰੀ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਜਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਉਫਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਦਿਹਾੜਿਆਂ 'ਤੇ ਸਰਕਾਰ ਵੱਲੋਂ ਸਖ਼ਤੀ ਕੀਤੀ ਹੋਈ ਹੈ। ਵੱਡੇ ਅਸਥਾਨ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਰੱਖਿਆ ਮੁਲਾਜ਼ਮਾਂ ਦੀ ਬਹੁਤ ਜਿਆਦਾ ਨਫ਼ਰੀ ਲਾਈ ਗਈ ਹੈ।

Patiala News: 16 ਅਪਰੈਲ ਨੂੰ ਦਿੱਲੀ ਤੋਂ ਆਰੰਭ ਹੋਏਗਾ ਖਾਲਸਾ ਫ਼ਤਹਿ ਮਾਰਚ

ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਦਿਹਾੜਾ ਸ਼ਤਾਬਦੀ ਨੂੰ ਸ਼੍ਰੋਮਣੀ ਕਮੇਟੀ ਜਾਹੋ-ਜਲਾਲ ਨਾਲ ਮਨਾ ਰਹੀ ਹੈ। ਇਸ ਤਹਿਤ ਖਾਲਸਾ ਫ਼ਤਹਿ ਮਾਰਚ ਦੇ ਰੂਪ ਵਿੱਚ ਨਗਰ ਕੀਰਤਨ ਦਿੱਲੀ ਤੋਂ ਆਰੰਭ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।

Vaisakhi 2023: ਸਰਕਾਰ ਨਾਲ ਕੋਈ ਫ਼ਸਾਦ ਨਹੀਂ ਹੋਇਆ ਪਰ ਫਿਰ ਵੀ ਪੰਜਾਬ ਨੂੰ ਗੜਬੜੀ ਵਾਲ਼ਾ ਸੂਬਾ ਬਣਾਇਆ ਜਾ ਰਿਹਾ: ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਸਾਜਣਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿਹਾ ਕਿ ਅੱਜ ਸਿੰਘਾਂ ਵਰਗੀ ਸਮਰਪਿਤ ਭਾਵਨਾ ਕਿਸੇ ਵਿੱਚ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਵਸ ਹੈ। ਮੈਂ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦਾ ਹਾਂ।

Beer rate in Punjab: ਬੀਅਰ ਪੀਣ ਦੇ ਸ਼ੌਕੀਨਾਂ ਲਈ ਰਾਹਤ ਦੀ ਖਬਰ! ਵੱਧ ਕੀਮਤ ਨਹੀਂ ਵਸੂਲ ਸਕਣਗੇ ਠੇਕੇਦਾਰ

 ਬੀਅਰ ਪੀਣ ਦੇ ਸ਼ੌਕੀਨਾਂ ਲਈ ਰਾਹਤ ਦੀ ਖਬਰ ਹੈ। ਪੰਜਾਬ ਅੰਦਰ ਹੁਣ ਬੀਅਰ ਦੇ ਰੇਟ ਮਾਨ ਚਾਹੇ ਨਹੀਂ ਵਸੂਲੇ ਜਾ ਸਕਣਗੇ। ਪੰਜਾਬ ਸਰਕਾਰ ਨੇ ਬੀਅਰ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ। ਇਸ ਤੋਂ ਵੱਧ ਰੇਟ ਤੈਅ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਏਗੀ। ਸਰਕਾਰ ਕੋਲ ਰਿਪੋਰਟਾਂ ਪਹੁੰਚੀਆਂ ਸੀ ਕਿ ਠੇਕੇਦਾਰਾਂ ਵੱਲੋਂ ਬੀਅਰ ਦੀ ਬੋਤਲ ’ਤੇ ਪ੍ਰਤੀ ਬੋਤਲ 30 ਤੋਂ 40 ਰੁਪਏ ਵੱਧ ਕੀਮਤ ਦੀ ਵਸੂਲੀ ਕੀਤੀ ਜਾ ਰਹੀ ਹੈ। 

Punjab Weather: ਅਗਲੇ ਤਿੰਨ ਦਿਨ ਸੋਚ ਸਮਝ ਕੇ ਨਿਕਲਿਓ ਘਰੋਂ....ਅਸਮਾਨ ਤੋਂ ਵਰ੍ਹੇਗੀ ਅੱਗ

ਅਗਲੇ ਤਿੰਨ ਦਿਨ ਸੋਚ ਸਮਝ ਕੇ ਘਰੋਂ ਨਿਕਲਿਓ ਕਿਉਂਕਿ ਗਰਮੀ ਕਹਿਰ ਮਚਾਉਣ ਵਾਲੀ ਹੈ। ਅਗਲੇ ਦਿਨਾਂ ਅੰਦਰ ਤਾਪਮਾਨ 40 ਡਿਗਰੀ ਸੈਲਸੀਅਸ ’ਤੇ ਪੁੱਜਣ ਦੀ ਸੰਭਾਵਨਾ ਹੈ।  ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ’ਚ ਪਾਰਾ ਚੜ੍ਹਨ ਦੇ ਨਾਲ-ਨਾਲ ਲੋਕਾਂ ਨੂੰ ਹੁੰਮਸ ਭਰੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅਪਰੈਲ ਦੇ ਅੱਧ ’ਚ ਹੀ ਗਰਮੀ ਆਪਣਾ ਰੰਗ ਦਿਖਾਉਣ ਲੱਗ ਪਈ ਹੈ। ਮੌਸਮ ਵਿਭਾਗ ਨੇ 15 ਤੋਂ 17 ਅਪਰੈਲ ਤੋਂ ਦੱਖਣੀ-ਪੂਰਬੀ ਹਵਾਵਾਂ ਚੱਲਣ ਕਾਰਨ ਤਾਪਮਾਨ 40 ਡਿਗਰੀ ਸੈਲਸੀਅਸ ’ਤੇ ਪੁੱਜਣ ਦੀ ਚਿਤਾਵਨੀ ਦਿੱਤੀ ਹੈ। ਵੀਰਵਾਰ ਨੂੰ ਫਰੀਦਕੋਟ ਜ਼ਿਲ੍ਹਾ 39.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਗਰਮ ਦਰਜ ਕੀਤਾ ਗਿਆ। 

Amritpal Singh: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪੁਲਿਸ ਦਾ ਨਵਾਂ ਪੈਂਤੜਾ, ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ 'ਚ ਪੋਸਟਰ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬੁਝਾਰਤ ਬਣੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਹੁਣ ਨਵਾਂ ਪੈਂਤੜਾ ਖੇਡ ਰਹੀ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ। ਇਸ ਲਈ ਇਨਾਮ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈ।

Vaisakhi 2023: ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਵਿਸਾਖੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼

ਅੱਜ ਪੰਜਾਬ ਵਿੱਚ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਸ ਪੁਰਬ ਦੀ ਵਧਾਈ ਦਿੰਦਾ ਹਾਂ।

ਪਿਛੋਕੜ

Punjab Breaking News LIVE Updates :  'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬੁਝਾਰਤ ਬਣੀ ਹੋਈ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਹੁਣ ਨਵਾਂ ਪੈਂਤੜਾ ਖੇਡ ਰਹੀ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ। ਇਸ ਲਈ ਇਨਾਮ ਦਾ ਲਾਲਚ ਵੀ ਦਿੱਤਾ ਜਾ ਰਿਹਾ ਹੈ।


ਇਸ ਤਹਿਤ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾ ਕੇ ਲੋਕਾਂ ਤੋਂ ਸਹਿਯੋਗ ਮੰਗ ਰਹੀ ਹੈ। ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ ਵਿੱਚ ਵੀ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਾਏ ਗਏ ਹਨ। ਇਹ ਪੋਸਟਰ ਪਟਿਆਲਾ ਦੇ ਦੁਖ ਨਿਵਾਰਨ ਗੁਰਦੁਆਰੇ ਦੇ ਬਾਹਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ 'ਤੇ ਸੂਚਨਾ ਦੇਣ ਵਾਲੇ ਨੂੰ ਯੋਗ ਇਨਾਮ ਦੇਣ ਦੀ ਗੱਲ ਕਹੀ ਗਈ ਹੈ।


ਜ਼ਿਕਰਯੋਗ ਹੈ ਕਿ ਪਹਿਲਾਂ ਬਟਾਲਾ ਤੇ ਫਿਰ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਗਏ ਸਨ। ਉਸ ਤੋਂ ਬਾਅਦ ਇਹ ਪੋਸਟਰ ਅਟਾਰੀ ਬਾਰਡਰ 'ਤੇ ਹੀ ਚਿਪਕਾਏ ਗਏ ਸੀ। ਹੁਣ ਇਹ ਪੋਸਟਰ ਪਟਿਆਲਾ ਵਿੱਚ ਵੀ ਲਗਾ ਦਿੱਤੇ ਗਏ ਹਨ। ਪੁਲਿਸ ਨੇ ਦੋ ਫ਼ੋਨ ਨੰਬਰ 9872575156 ਤੇ 8288075637 ਜਾਰੀ ਕੀਤੇ ਹਨ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ।


ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ 18 ਮਾਰਚ ਨੂੰ ਫਰਾਰ ਹੋਏ ਸਨ। ਪੁਲਿਸ ਮੁਤਾਬਕ ਪਪਲਪ੍ਰੀਤ ਸਿੰਘ ਹੀ ਅੰਮ੍ਰਿਤਪਾਲ ਸਿੰਘ ਨੂੰ ਛੁਪਾਉਣ ਵਿੱਚ ਮਦਦ ਕਰ ਰਿਹਾ ਸੀ। ਅੰਮ੍ਰਿਤਪਾਲ ਸਿੰਘ ਜਿਨ੍ਹਾਂ ਲੋਕਾਂ ਕੋਲ ਵੀ ਗਿਆ, ਉਹ ਸਾਰੇ ਪਪਲਪ੍ਰੀਤ ਸਿੰਘ ਦੇ ਕਰੀਬੀ ਸਨ। ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੁਲਿਸ ਅੰਮ੍ਰਿਤਪਾਲ ਸਿੰਘ 'ਤੇ ਦਬਾਅ ਵਧਾ ਰਹੀ ਹੈ।


Vaisakhi 2023: ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਵਿਸਾਖੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੌਮ ਦੇ ਨਾਂ ਸੰਦੇਸ਼


 


ਅੱਜ ਪੰਜਾਬ ਵਿੱਚ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਖਾਲਸਾ ਸਾਜਣਾ ਦਿਵਸ ਸਿੱਖ ਧਰਮ ਦਾ ਪਾਵਨ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਸਾਰੀ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਸ ਪੁਰਬ ਦੀ ਵਧਾਈ ਦਿੰਦਾ ਹਾਂ।


ਦੱਸ ਦਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 12 ਅਪਰੈਲ ਤੋਂ ਵਿਸਾਖੀ ਤੇ ਖਾਲਸਾ ਸਾਜਣਾ ਦਿਵਸ ਦੇ ਸਮਾਗਮ ਸ਼ੁਰੂ ਹੋਏ ਹਨ। ਇਹ ਪ੍ਰੋਗਰਾਮ 15 ਅਪਰੈਲ ਤੱਕ ਚੱਲ਼ਣਗੇ। ਮੇਲੇ ਵਿੱਚ ਐਂਤਕੀ ਪਹਿਲਾਂ ਨਾਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਭਾਰੀ ਪੁਲਿਸ ਫੋਰਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਮੇਲੇ ਵਿੱਚ ਸਮਾਜ ਵਿਰੋਧੀ ਅਨਸਰਾਂ ਉਪਰ ਅੱਖ ਰੱਖਣ ਲਈ ਖੁਫ਼ੀਆ ਤੰਤਰ ਤੇ ਚਿੱਟ ਕੱਪੜੀ ਪੁਲਿਸ ਸਰਗਰਮ ਹਨ।




 


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.