Punjab Budget Session: ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਲੋਕ ਸਭਾ ਚੋਣਾਂ ਕਰਕੇ ਇਸ ਵਾਰ ਬਜਟ ਸੈਸ਼ਨ ਹੰਗਾਮੇ ਵਾਲਾ ਰਹੇਗਾ। ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਤੇ ਸ਼ੁਭਕਰਨ ਦੀ ਮੌਤ ਸਮੇਤ ਕਈ ਮੁੱਦਿਆਂ 'ਤੇ 'ਆਪ' ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ਇਸ ਦੇ ਨਾਲ ਹੀ ਸਰਕਾਰ ਵੀ ਹਮਲਾਵਰ ਰਹੇਗੀ। ਬਜਟ ਦੇ ਬਹਾਨੇ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇਗੀ। ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਬੀਐਲ ਪੁਰੋਹਿਤ ਦੇ ਸੰਬੋਧਨ ਨਾਲ ਹੋਵੇਗੀ।
ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਬਾਅਦ ਦੁਪਹਿਰ ਮ੍ਰਿਤਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ 2 ਤੇ 3 ਮਾਰਚ ਨੂੰ ਛੁੱਟੀ ਰਹੇਗੀ। ਫਿਰ 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇਗੀ। ਇਹ ਬਹਿਸ ਸਿਰਫ਼ ਇੱਕ ਦਿਨ ਤੱਕ ਚੱਲੇਗੀ। ਸਰਕਾਰ 5 ਮਾਰਚ ਨੂੰ ਆਪਣਾ ਬਜਟ ਪੇਸ਼ ਕਰੇਗੀ। ਅਗਲੇ ਦਿਨ ਬਜਟ 'ਤੇ ਬਹਿਸ ਹੋਵੇਗੀ।
ਇਸ ਤੋਂ ਅਗਲੇ ਦਿਨ 7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 8,9,10 ਨੂੰ ਸਰਕਾਰੀ ਛੁੱਟੀਆਂ ਹੋਣਗੀਆਂ। ਜਦਕਿ 11 ਤੇ 12 ਮਾਰਚ ਨੂੰ ਵਿਧਾਨ ਸਭਾ ਦੇ ਕੰਮਕਾਜ ਦੇ ਦਿਨ ਹਨ। ਇਸ ਵਿੱਚ ਬਿੱਲ ਪੇਸ਼ ਕੀਤੇ ਜਾਣਗੇ। 13 ਤੇ 14 ਮਾਰਚ ਗੈਰ-ਸਰਕਾਰੀ ਦਿਨ ਹਨ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ। 15 ਮਾਰਚ ਨੂੰ ਵੀ ਬਿੱਲ ਆਉਣਗੇ। ਇਸ ਦਿਨ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਹੈ, ਇਸ ਤੋਂ ਸਪਸ਼ਟ ਹੈ ਕਿ ਬਜਟ ਸੈਸ਼ਨ ਵਿੱਚ ਕਾਫੀ ਟਕਰਾਅ ਵਾਲੀ ਸਥਿਤੀ ਰਹੇਗੀ। ਸੀਐਮ ਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਾਦਲ ਪਰਿਵਾਰ ਨੇ ਆਪਣੀ ਸਰਕਾਰ ਦੌਰਾਨ ਸੱਤਾ ਦਾ ਫਾਇਦਾ ਉਠਾਇਆ ਸੀ। ਇਸ ਤੋਂ ਇੱਕ ਗੱਲ ਸਾਫ਼ ਹੈ ਕਿ ਇਸ ਵਾਰ ਮਾਹੌਲ ਪੂਰੀ ਤਰ੍ਹਾਂ ਗਰਮ ਹੋਵੇਗਾ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਹੈ ਕਿ ਸਦਨ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਉਹ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਦਰਜ ਜ਼ੀਰੋ ਐਫਆਈਆਰ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਗੇ। ਸੀਐਮ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਵੀ ਕਰਨਗੇ।