ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੂਜੇ ਦਿਨ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਇੱਕ ਇਤਿਹਾਸਕ ਫੈਸਲਾ ਦੱਸਿਆ।ਉਨ੍ਹਾਂ ਆਪਣੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ 'ਤੇ ਹੁਣ ਤੱਕ ਕੀਤੀ ਕਾਰਵਾਈ ਦੀ ਜਾਣਕਾਰੀ ਦਿੱਤੀ। ਮਾਨ ਦੇ ਭਾਸ਼ਣ ਤੋਂ ਬਾਅਦ ਵ੍ਹਾਈਟ ਪੇਪਰ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ ਆਵੇਗਾਆਪਣੇ ਭਾਸ਼ਣ ਦੇ ਸ਼ੁਰੂ ਵਿੱਚ, ਮਾਨ ਨੇ ਕਿਹਾ ਕਿ, "ਮੇਰੀ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਖਿਲਾਫ ਕੇਸ ਦਾਇਰ ਕੀਤਾ।" ਮਾਨ ਨੇ ਕਿਹਾ ਕਿ ਹੁਣ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਚਾਇਆ ਨਹੀਂ ਜਾਵੇਗਾ ਅਤੇ ਨਾ ਹੀ ਖਾਲੀ ਵਾਅਦੇ ਕੀਤੇ ਜਾਣਗੇ। ਅਸੀਂ 'ਇੱਕ ਵਿਧਾਇਕ-ਇਕ ਪੈਨਸ਼ਨ' ਦੀ ਪਹਿਲਕਦਮੀ ਨਾਲ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਸੈਸ਼ਨ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ। 'ਆਪ' ਦੀ ਵਿਚਾਰਧਾਰਾ ਦਾ ਧੁਰਾ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਹੈ।

ਕਾਂਗਰਸ ਨੇ ਕੀਤਾ ਵਾਕਆਊਟਬੋਲਣ ਦਾ ਸਮਾਂ ਨਾ ਮਿਲਣ 'ਤੇ ਕਾਂਗਰਸ ਨੇ ਹੰਗਾਮਾ ਕੀਤਾ ਅਤੇ ਸਾਰੇ ਮੈਂਬਰ ਸਦਨ ਤੋਂ ਬਾਹਰ ਚਲੇ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ ਕਿਉਂਕਿ ਸਪੀਕਰ ਨੇ ਆਪਣਾ ਵਾਅਦਾ ਤੋੜਿਆ ਹੈ। ਚਰਚਾ ਜਾਰੀ ਰਹਿਣੀ ਸੀ ਅਤੇ ਮੁੱਖ ਮੰਤਰੀ ਨੇ ਜਵਾਬ ਦੇਣਾ ਸੀ ਪਰ ਉਨ੍ਹਾਂ ਨੂੰ ਕੁੱਲੂ ਮਨਾਲੀ ਵਿੱਚ ਤਿਰੰਗਾ ਯਾਤਰਾ ਲਈ ਜਾਣਾ ਪਿਆ ਅਤੇ ਸਪੀਕਰ ਨੇ ਉਨ੍ਹਾਂ ਨੂੰ ਆਪਣਾ ਸਮਾਂ ਤੈਅ ਕਰਨ ਦੀ ਇਜਾਜ਼ਤ ਦੇ ਦਿੱਤੀ। ਮੁੱਖ ਮੰਤਰੀ ਕੋਲ ਵਿਰੋਧੀ ਧਿਰ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਦਨ ਤੋਂ ਵਾਕਆਊਟ ਕਰਨ 'ਤੇ ਕਾਂਗਰਸ 'ਤੇ ਚੁਟਕੀ ਲਈ।ਉਨ੍ਹਾਂ ਕਿਹਾ ਕਿ 15-20 ਮਿੰਟਾਂ ਵਿੱਚ ਪਾਣੀ ਪੀਣ ਤੋਂ ਬਾਅਦ ਵਾਪਸ ਆ ਜਾਣਗੇ। ਇਹ ਪਹਿਲਾਂ ਵੀ ਅਜਿਹਾ ਕਰਦੇ ਰਹੇ ਹਨ।

ਇਸ ਤੋਂ ਬਾਅਦ ਭਗਵੰਤ ਮਾਨ ਨੇ ਪਠਾਨਕੋਟ ਦੀ ਲੀਚੀ ਦੀ ਤਾਰੀਫ ਕੀਤੀ। ਉਨ੍ਹਾਂ ਦੱਸਿਆ ਕਿ ਉਥੋਂ ਦੀ ਲੀਚੀ ਬਹੁਤ ਮਿੱਠੀ ਹੁੰਦੀ ਹੈ। ਮਾਰਕਫੈੱਡ ਰਾਹੀਂ ਅਮਰੀਕਾ ਪਹੁੰਚਾਏਗਾ। ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਮਾਨ ਨੇ ਕਿਹਾ ਕਿ ਸਰਕਾਰ ਪਰਾਲੀ ਨੂੰ ਵੀ ਆਮਦਨ ਦਾ ਸਾਧਨ ਬਣਾਉਣ ਲਈ ਪਹਿਲਕਦਮੀ ਕਰੇਗੀ। ਸੀਐਮ ਮਾਨ ਨੇ ਨਸ਼ਿਆਂ ਖਿਲਾਫ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਆਪਣਾ ਭਾਸ਼ਣ ਸਮਾਪਤ ਕੀਤਾ।