Punjab By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਅੱਜ (ਸੋਮਵਾਰ) ਹੋਵੇਗੀ। ਇਸ ਦੌਰਾਨ ਇਹ ਸਪੱਸ਼ਟ ਹੋ ਜਾਵੇਗਾ ਕਿ ਚੋਣ ਦੰਗਲ ਵਿੱਚ ਕਿੰਨੇ ਲੋਕ ਰਹਿਣਗੇ। ਚੋਣਾਂ ਲਈ ਹੁਣ ਤੱਕ 60 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। 30 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸੂਬੇ 'ਚ ਬਰਨਾਲਾ, ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸੀਟਾਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਇਸ ਕਾਰਨ ਇਹ ਸੀਟਾਂ ਖਾਲੀ ਹੋਈਆਂ ਸਨ। ਇਸ ਵਾਰ 1992 ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਨਹੀਂ ਹੈ। ਅਜਿਹੇ 'ਚ ਮੁੱਖ ਮੁਕਾਬਲਾ ਤਿੰਨ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ (ਆਪ), ਭਾਜਪਾ ਤੇ ਕਾਂਗਰਸ ਵਿਚਾਲੇ ਹੈ।
ਇਸ ਦੇ ਨਾਲ ਹੀ ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਭਾਵੇਂ ਅਕਾਲੀ ਦਲ ਚੋਣਾਂ ਨਹੀਂ ਲੜ ਰਿਹਾ ਪਰ ਭਾਜਪਾ ਦੇ ਤਿੰਨ ਉਮੀਦਵਾਰ ਅਕਾਲੀ ਦਲ ਛੱਡ ਕੇ ਹੀ ਆਏ ਹਨ। ਚੱਬੇਵਾਲ ਸੀਟ ਤੋਂ ਉਮੀਦਵਾਰ ਸੋਹਣ ਸਿੰਘ ਠੰਡਲ ਤਾਂ ਨਾਮਜ਼ਦਗੀ ਪ੍ਰਕਿਰਿਆ ਤੋਂ ਇੱਕ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਤੇ ਭਾਜਪਾ ਨੇ ਸ਼ਾਮ ਨੂੰ ਹੀ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਦੇ ਨਾਲ ਹੀ ਗਿੱਦੜਬਾਹਾ ਤੋਂ ‘ਆਪ’ ਦਾ ਉਮੀਦਵਾਰ ਵੀ ਅਕਾਲੀ ਦਲ ਛੱਡ ਕੇ ਆਇਆ ਹੈ।
ਗਿੱਦੜਬਾਹਾ ਦੀਆਂ ਚਾਰ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਸਭ ਤੋਂ ਵੱਧ 20 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਦੋਂਕਿ ਬਰਨਾਲਾ ਵਿੱਚ 18 ਤੇ ਡੇਰਾ ਬਾਬਾ ਨਾਨਕ ਵਿੱਚ 14 ਵਿਅਕਤੀਆਂ ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਚੱਬੇਵਾਲ ਸੀਟ ਲਈ ਘੱਟੋ-ਘੱਟ 8 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਦੇ ਨਾਲ ਹੀ ਆਮ ਆਦਮੀ ਦੀ ਬਰਨਾਲਾ ਸੀਟ 'ਤੇ ਬਗਾਵਤ ਦੇਖਣ ਨੂੰ ਮਿਲੀ ਹੈ। ਇੱਥੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਹੇ ਗੁਰਦੀਪ ਬਾਠ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇਣ ਤੋਂ ਬਗਾਵਤ ਕਰ ਦਿੱਤੀ ਹੈ। ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਮੈਦਾਨ ਵਿਚ ਉਤਰ ਆਏ ਹਨ।
ਹਲਕਾ ਗਿੱਦੜਬਾਹਾ
ਅੰਮ੍ਰਿਤਾ ਵਡਿੰਗ-ਕਾਂਗਰਸ
ਮਨਪ੍ਰੀਤ ਬਾਦਲ-ਬੀਜੇਪੀ
ਹਰਦੀਪ ਸਿੰਘ ਡਿੰਪੀ ਢਿੱਲੋਂ - 'ਆਪ'
ਹਲਕਾ ਡੇਰਾ ਬਾਬਾ ਨਾਨਕ
ਜਤਿੰਦਰ ਕੌਰ-ਕਾਂਗਰਸ
ਰਵੀਕਰਨ ਸਿੰਘ ਕਾਹਲੋਂ-ਬੀਜੇਪੀ
ਗੁਰਦੀਪ ਸਿੰਘ ਰੰਧਾਵਾ-'ਆਪ'
ਹਲਕਾ ਬਰਨਾਲਾ
ਕੁਲਦੀਪ ਸਿੰਘ ਕਾਲਾ ਢਿੱਲੋਂ-ਕਾਂਗਰਸ
ਕੇਵਲ ਸਿੰਘ ਢਿੱਲੋਂ-ਬੀਜੇਪੀ
ਹਰਿੰਦਰ ਸਿੰਘ ਧਾਲੀਵਾਲ-'ਆਪ'
ਹਲਕਾ ਚੱਬੇਵਾਲ
ਇਸ਼ਾਂਕ ਚੱਬੇਵਾਲ-'ਆਪ'
ਸੋਹਣ ਸਿੰਘ ਠੰਡਲ-ਬੀਜੇਪੀ
ਰਣਜੀਤ ਕੁਮਾਰ-ਕਾਂਗਰਸ