ਫਾਜ਼ਿਲਕਾ: ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਐਲਾਨ ਬਾਅਦ ਤੋਂ ਹੀ ਮਾਹੌਲ ਭਖਿਆ ਹੋਇਆ ਹੈ। ਹਲਕਾ ਜਲਾਲਾਬਾਦ ਤੋਂ ਕਾਂਗਰਸ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਪਿਛਲੇ ਦਿਨੀਂ ਕਾਂਗਰਸ ਵੱਲੋਂ ਜ਼ਿਮਨੀ ਚੋਣਾਂ ਵਿੱਚ ਜਲਾਲਾਬਾਦ ਤੋਂ ਰਮਿੰਦਰ ਆਵਲਾ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੋਲਡੀ ਕੰਬੋਜ ਪਾਰਟੀ ਨਾਲ ਨਾਰਾਜ਼ ਹੋ ਕੇ ਅਸਤੀਫਾ ਦੇ ਗਏ ਸੀ।


ਇਸ ਸਭ ਤੋਂ ਬਾਅਦ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ 'ਤੇ ਗੋਲਡੀ ਕੰਬੋਜ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਗੋਲਡੀ ਕੰਬੋਜ ਨੇ ਕਿਹਾ ਕਿ ਜੇ ਪਹਿਲੀ ਅਕਤੂਬਰ ਤੱਕ ਕਾਂਗਰਸ ਪਾਰਟੀ ਨੇ ਉਮੀਦਵਾਰ ਨਾ ਬਦਲਿਆ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਦੇ ਲਈ ਸ਼ੁੱਕਰਵਾਰ ਨੂੰ ਉਨ੍ਹਾਂ ਜਲਾਲਾਬਾਦ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।


ਗੋਲਡੀ ਵੱਲੋਂ ਸ਼ੱਕਰਵਾਰ ਨੂੰ ਇੱਕ ਵਰਕਰ ਮੀਟਿੰਗ ਸੱਦੀ ਗਈ ਜਿਸ ਦੇ ਵਿਚ ਗੋਲਡੀ ਕੰਬੋਜ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਾਂਗਰਸ ਪਾਰਟੀ 'ਤੇ ਗੰਭੀਰ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਜਲਾਲਾਬਾਦ ਜ਼ਿਮਨੀ ਚੋਣਾਂ ਲਈ ਹਾਈਕਮਾਨ ਵੱਲੋਂ ਜਿਹੜਾ ਪੈਨਲ ਬਣਾ ਕੇ ਭੇਜਿਆ ਗਿਆ ਸੀ, ਉਸ ਦੇ ਵਿੱਚ ਜਲਾਲਾਬਾਦ ਦੇ ਕਿਸੇ ਵੀ ਉਮੀਦਵਾਰ ਦਾ ਨਾਂ ਤੱਕ ਨਹੀਂ ਸੀ। ਪਹਿਲਾਂ ਵੀ ਕਾਂਗਰਸ ਪਾਰਟੀ ਵੱਲੋਂ ਬਾਹਰੀ ਉਮੀਦਵਾਰ ਜਲਾਲਾਬਾਦ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।


ਉਨ੍ਹਾਂ ਨੇ ਗੰਭੀਰ ਇਲਜ਼ਾਮ ਲਗਾਏ ਕਿ ਆਉਣ ਵਾਲੀ 24 ਤਰੀਕ ਤੋਂ ਬਾਅਦ ਰਮਿੰਦਰ ਆਮਲਾ, ਜੋ ਆਪਣੇ-ਆਪ ਨੂੰ ਜਲਾਲਾਬਾਦ ਤੋਂ ਸਿਰਫ 12 ਕਿਲੋਮੀਟਰ ਦੂਰ ਦੱਸਦੇ ਹਨ, ਉਹ ਕਿਤੇ ਵੀ ਦਿਖਾਈ ਨਹੀਂ ਦੇਣਗੇ ਤੇ ਨਾ ਹੀ ਉਨ੍ਹਾਂ ਦੇ ਫੋਨ ਚੱਲਦੇ ਹੋਏ ਮਿਲਣਗੇ। ਇੰਨਾ ਹੀ ਨਹੀਂ, ਗੋਲਡੀ ਕੰਬੋਜ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਟਿਕਟ ਦੇਣ ਦੇ ਵਿੱਚ ਪੈਸਿਆਂ ਦੀ ਵੀ ਵਰਤੋਂ ਕੀਤੀ ਗਈ ਹੈ।