Gidderbaha Election Results 2024: ਗਿੱਦੜਬਾਹਾ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣਾਂ ਦੇ ਨਤੀਜੇ ਸਾਫ ਹੋ ਗਏ ਹਨ। ਇੱਥੇ ਆਮ ਆਦਮੀ ਪਾਰਟੀ ਦੀ ਰਣਨੀਤੀ ਸਫਲ ਹੁੰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਿਆ ਕੇ ਉਮੀਦਵਾਰ ਬਣਾਉਣਾ ਲਾਹੇਵੰਦ ਸਾਬਤ ਹੋ ਰਿਹਾ ਹੈ। ਡਿੰਪੀ ਢਿੱਲੋਂ ਨੇ ਪੰਜਵੇਂ ਗੇੜ ਤੱਕ 7974 ਵੋਟਾਂ ਨਾਲ ਲੀਡ ਬਣਾਈ ਹੋਈ ਹੈ। ਇੱਥੇ 13 ਗੇੜਾਂ ਵਿੱਚ ਗਿਣਤੀ ਪੂਰੀ ਹੋਵੇਗੀ।
ਗਿੱਦੜਬਾਹਾ ਵਿੱਚ ਪੰਜਵੇਂ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਲੀਡ ਵੱਧ ਕੇ 7974 ਹੋ ਗਈ ਹੈ। ਡਿੰਪੀ ਨੂੰ 27901 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਨੂੰ 19927 ਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ 5706 ਵੋਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੋਟਰਾਂ ਨੂੰ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਭੁਗਤਣ ਦਾ ਇਸ਼ਾਰਾ ਦਿੱਤਾ ਸੀ ਪਰ ਇਹ ਰਣਨੀਤੀ ਵੀ ਕੰਮ ਨਹੀਂ ਆਈ ਲੱਗਦੀ।
ਗਿੱਦੜਬਾਹਾ ਨੂੰ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇਸ ਸੀਟ 'ਤੇ ਤਿੰਨ ਵੱਡੇ ਆਗੂਆਂ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵਡਿੰਗ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਵਿਧਾਇਕ ਡਿੰਪੀ ਢਿੱਲੋਂ ਵਿਚਕਾਰ ਮੁਕਾਬਲਾ ਹੈ। ਇੰਨਾ ਹੀ ਨਹੀਂ ਇਸ ਸੀਟ 'ਤੇ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਅਨੁਸਾਰ ਇੱਥੇ 81.9% ਵੋਟਾਂ ਪਈਆਂ। ਇਸ ਸੀਟ ਲਈ ਕੁੱਲ 14 ਉਮੀਦਵਾਰ ਮੈਦਾਨ ਵਿੱਚ ਸਨ।
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਪਰ ਲੋਕ ਸਭਾ 2024 ਦੌਰਾਨ ਕਾਂਗਰਸ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਆਪਣਾ ਉਮੀਦਵਾਰ ਬਣਾਇਆ। ਰਾਜਾ ਵੜਿੰਗ ਲੁਧਿਆਣਾ ਤੋਂ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਤੇ ਗਿੱਦੜਬਾਹਾ ਸੀਟ ਛੱਡਣੀ ਪਈ। ਇਸ ਲਈ ਇਹ ਸੀਟ ਰਾਜਾ ਵੜਿੰਗ ਦੇ ਨਾਲ ਹੀ ਮਨਪ੍ਰੀਤ ਬਾਦਲ ਲਈ ਵੱਕਾਰ ਦਾ ਸਵਾਲ ਸੀ।