Punjab News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਨੇ ਸੂਬੇ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲਾਈ ਹੈ। ਇਸਦੇ ਨਾਲ ਹੀ ਵਜ਼ਾਰਤ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦੇ ਤੀਜੇ ਪੜਾਅ ਦੇ ਮੌਕੇ ਉਤੇ ਕੈਬਨਿਟ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਭਰ ਦੀਆਂ ਜੇਲ੍ਹਾਂ (Jails) ਵਿੱਚ ਬੰਦ 45 ਕੈਦੀਆਂ ਦੀ ਸਜ਼ਾ ਵਿੱਚ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 163 ਅਧੀਨ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਇਹ ਵਿਸ਼ੇਸ਼ ਛੋਟ ਦੇ ਕੇਸ ਭਾਰਤੀ ਸੰਵਿਧਾਨ ਦੀ ਧਾਰਾ 161 ਅਧੀਨ ਵਿਚਾਰਨ ਲਈ ਪੰਜਾਬ ਦੇ ਰਾਜਪਾਲ ਨੂੰ ਭੇਜੇ ਜਾਣਗੇ।


 

ਇਸ ਤੋਂ ਇਲਾਵਾ ਕੈਬਨਿਟ (Punjab Cabinet)  ਨੇ ਸੂਬੇ ਵਿੱਚ ਸ਼ਾਸਨ ਵਿੱਚ ਹੋਰ ਸੁਧਾਰ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਦੀ ਵੀ ਸਹਿਮਤੀ ਦੇ ਦਿੱਤੀ। ਇਸ ਫੈਸਲੇ ਦਾ ਮੰਤਵ ਸ਼ਾਸਨ ਵਿੱਚ ਏ.ਆਈ. ਦੀ ਵਰਤੋਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣਾ ਅਤੇ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਨਾ ਹੈ। ਸੜਕ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਘਟਾਉਣ, ਟੈਕਸ ਚੋਰੀ ਰੋਕਣ, ਸਿਹਤ ਸੇਵਾਵਾਂ ਵਿੱਚ ਸੁਧਾਰ, ਲੋਕਾਂ ਦੇ ਮਸਲਿਆਂ ਦੇ ਵੱਧ ਪ੍ਰਭਾਵੀ ਢੰਗ ਨਾਲ ਹੱਲ ਤੇ ਹੋਰ ਕੰਮਾਂ ਵਿੱਚ ਏ.ਆਈ. ਮਦਦਗਾਰ ਸਾਬਤ ਹੋ ਸਕਦੀ ਹੈ।

ਇਸ ਸਬੰਧੀ ਪੰਜਾਬ ਰਾਜ ਗਵਰਨੈਂਸ ਸੁਸਾਇਟੀ (ਪੀ.ਈ.ਜੀ.ਐਸ.) ਵਿੱਚ ਨਵੀਆਂ ਤਕਨੀਕਾਂ (ਇਮਰਜਿੰਗ ਤਕਨਾਲੋਜੀ) ਬਾਰੇ ਇਕ ਸੈਂਟਰ ਪਹਿਲਾਂ ਹੀ ਸਥਾਪਤ ਕੀਤਾ ਗਿਆ ਹੈ ਅਤੇ ਏ.ਆਈ. ਤੇ ਮਸ਼ੀਨ ਲਰਨਿੰਗ (ਐਮ.ਐਲ.) ਦੇ ਲਾਭਾਂ ਦਾ ਪੂਰਾ ਫਾਇਦਾ ਲੈਣ ਲਈ ਵਿਭਾਗ ਦੇ ਸਹਿਯੋਗ ਵਾਸਤੇ ਇਕ ਗ਼ੈਰ ਸਰਕਾਰੀ ਸੰਗਠਨ (ਐਨ.ਜੀ.ਓ.) ਨਾਲ ਸਮਝੌਤਾ ਕਲਮਬੱਧ ਕੀਤਾ ਗਿਆ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਏ.ਆਈ. ਉਤੇ ਵਧੇਰੇ ਧਿਆਨ ਦੇ ਕੇ ਨਵੀਆਂ ਤਕਨਾਲੋਜੀ ਲਈ ਬਣੇ ਇਸ ਸੈਂਟਰ ਨੂੰ ਮਜ਼ਬੂਤ ਕਰਨ ਉਤੇ ਧਿਆਨ ਦਿੱਤਾ ਜਾਵੇਗਾ ਅਤੇ ਇਸ ਮੰਤਵ ਲਈ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ.ਐਮ.ਯੂ.) ਦਾ ਵੀ ਗਠਨ ਕੀਤਾ ਜਾਵੇਗਾ। ਸਬੰਧਤ ਵਿਭਾਗਾਂ ਦੇ ਕੇਸਾਂ ਦੀ ਨਿਸ਼ਾਨਦੇਹੀ ਤੇ ਵੰਡ ਨੂੰ ਲਾਗੂ ਕਰਨ ਲਈ ਪੀ.ਐਮ.ਯੂ. ਵੱਲੋਂ ਇਮਰਜਿੰਗ ਤਕਨਾਲੋਜੀ ਲਈ ਬਣੇ ਇਸ ਸੈਂਟਰ ਦੀ ਮਦਦ ਕੀਤੀ ਜਾਵੇਗੀ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।