ਚੰਡੀਗੜ੍ਹ: ਪੰਜਾਬ ਕੈਬਿਨਟ ਦਾ ਵਿਸਥਾਰ ਹੋਣ ਜਾ ਰਿਹਾ ਹੈ ਤੇ ਸਭ ਤੋਂ ਵੱਧ ਚਰਚਾ ਇਹ ਹੈ ਕਿ ਕੈਬਿਨਟ 'ਚ ਮਾਲਵੇ ਤੇ ਦੁਆਬੇ 'ਚੋਂ ਕਿਹੜੇ ਕਿਹੜੇ ਮੰਤਰੀ ਆਉਂਦੇ ਹਨ ? ਦਰ ਅਸਲ ਕੈਬਿਨਟ 'ਚ ਮਾਝੇ ਦੇ ਪਹਿਲਾਂ ਹੀ ਤਿੰਨ ਮੰਤਰੀ ਹਨ ਤੇ ਮਾਝੇ 'ਚੋਂ ਇਸ ਵਾਰ ਸਿਰਫ਼ ਇਕ ਹੋਰ ਮੰਤਰੀ ਆਉਣ ਦੀ ਉਮੀਦ ਹੈ। ਇਸ ਵਾਰ ਮੌਕਾ ਦੁਆਬੇ ਤੇ ਮਾਲਵੇ ਨੂੰ ਮਿਲੇਗਾ।
ਦੋਆਬੇ 'ਚੋਂ ਹੁਣ ਤੱਕ ਸਿਰਫ਼ ਰਾਣਾ ਗੁਰਜੀਤ ਸਿੰਘ ਹੀ ਮੰਤਰੀ ਸਨ ਤੇ ਉਨ੍ਹਾਂ ਦੀ ਛੁੱਟੀ ਹੋਣ ਨਾਲ ਦੁਆਬੇ ਦੀ ਕੈਬਿਨਟ 'ਚੋਂ ਪ੍ਰਤੀਨਿਧਤਾ ਖ਼ਤਮ ਹੋ ਗਈ ਹੈ। ਦੁਆਬੇ ਦੀਆਂ ਕੁੱਲ 23 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿੱਚੋਂ 15 ਕਾਂਗਰਸ ਕੋਲ ਹਨ। ਇਨ੍ਹਾਂ ਵਿੱਚ ਤਿੰਨ ਵਾਰ ਜਿੱਤਣ ਵਾਲਿਆਂ ਵਿੱਚ ਸੰਗਤ ਸਿੰਘ ਗਿਲਜੀਆਂ, ਦੋ ਵਾਰ ਜਿੱਤਣ ਵਾਲਿਆਂ ਵਿੱਚ ਪਰਗਟ ਸਿੰਘ, ਸੁੰਦਰ ਸ਼ਾਮ ਅਰੋੜਾ, ਰਜਨੀਸ਼ ਕੁਮਾਰ ਬੱਬੀ ਅਤੇ ਨਵਤੇਜ ਸਿੰਘ ਚੀਮਾ ਸ਼ਾਮਲ ਹਨ । ਮੰਨਿਆ ਜਾ ਰਿਹੈ ਕਿ ਇੱਥੋਂ ਹਿੰਦੂ  ਤੇ ਦਲਿਤ ਭਾਈਚਾਰਿਆਂ ਵਿੱਚ ਸੱਤਾ ਦਾ ਸਮਤੋਲ ਬਿਠਾਈ ਰੱਖਣ ਲਈ ਤੇ ਮੰਤਰੀ ਮੰਡਲ ਵਿੱਚ ਬਣਦੀ ਥਾਂ ਦਿੱਤੀ ਜਾਵੇਗੀ।ਜਲੰਧਰ ਵਿੱਚੋਂ ਜਿੱਤੇ ਪੰਜ ਕਾਂਗਰਸੀਆਂ ਵਿੱਚੋਂ ਚਾਰ ਪਹਿਲੀ ਵਾਰ ਜਿੱਤੇ ਹਨ ਤੇ ਪਰਗਟ ਸਿੰਘ ਲਗਾਤਾਰ ਦੂਜੀ ਵਾਰ ਜਲੰਧਰ ਛਾਉਣੀ ਤੋਂ ਜਿੱਤਿਆ ਹੈ। ਪਰਗਟ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖੇਮੇ ਦਾ ਮੰਨਿਆ ਜਾਂਦਾ ਹੈ।
ਦੱਖਣੀ ਮਾਲਵਾ ਹੀ ਅਸਲ ਮਾਲਵਾ ਮੰਨਿਆ ਜਾਂਦਾ ਹੈ ਤੇ ਮਾਲਵੇ 'ਚ 'ਆਪ' ਨੂੰ ਵੀ ਚੰਗਾ ਸਮੱਰਥਨ ਮਿਲਿਆ ਸੀ। ਇਸ ਲਈ ਕੈਪਟਨ ਦੱਖਣੀ ਮਾਲਵੇ 'ਚੋਂ ਕਈ ਮੰਤਰੀ ਬਣਾਉਣਗੇ। ਅਜੇ ਤੱਕ ਇਸ ਇਲਾਕੇ 'ਚੋਂ ਸਿਰਫ਼ ਮਨਪ੍ਰੀਤ ਬਾਦਲ ਹੀ ਮੰਤਰੀ ਹਨ। ਮੰਨਿਆ ਜਾ ਰਿਹਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਣਦੀਪ ਸਿੰਘ ਨਾਭਾ ਨੂੰ ਬਣਾਉਣ ਦੀ ਚਰਚਾ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ ਮੰਤਰੀ ਮੰਡਲ ਦੇ ਵਿਸਥਾਰ ਲਈ ਪਹਿਲਾਂ ਵਾਂਗ ਹੁਣ ਵੀ ਨਵੇਂ ਮੰਤਰੀਆਂ ਦੀ ਚੋਣ ਲਈ ਨੌਜਵਾਨ ਅਤੇ ਹੁਨਰ ਦੇ ਸੁਮੇਲ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।