Punjab Cabinet Expansion: ਰਾਜ ਸਭਾ ਦੀ ਮੈਂਬਰੀ ਛੱਡ ਕੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਸਹੁੰ ਚੁੱਕੀ ਹੈ। ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਮਾਰੋਹ ਸਮਾਪਤ ਹੋ ਗਿਆ। ਉਨ੍ਹਾਂ ਨੂੰ ਹਾਊਸਿੰਗ ਵਿਭਾਗ ਜਾਂ ਉਦਯੋਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਦੱਸ ਦਈਏ ਕਿ 'ਆਪ' ਸਰਕਾਰ ਦੇ ਲਗਪਗ ਸਾਢੇ 3 ਸਾਲਾਂ ਦੇ ਕਾਰਜਕਾਲ ਵਿੱਚ ਇਹ 7ਵਾਂ ਕੈਬਨਿਟ ਵਿਸਥਾਰ ਹੈ। ਇਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਆਖਰੀ ਵਾਰ ਸਤੰਬਰ 2024 ਵਿੱਚ ਕੈਬਨਿਟ ਦਾ ਵਿਸਥਾਰ ਕੀਤਾ ਸੀ। ਇਸ ਦੌਰਾਨ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ ਤੇ ਮਹਿੰਦਰ ਭਗਤ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਸੀ। ਜਦੋਂਕਿ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮਸ਼ੰਕਰ ਜਿੰਪਾ ਤੇ ਅਨਮੋਲ ਗਗਨ ਮਾਨ ਦੀ ਛੁੱਟੀ ਕਰ ਦਿੱਤੀ ਗਈ ਸੀ।
ਪੰਜਾਬ ਵਿੱਚ ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਵਿੱਚ 18 ਮੰਤਰੀ ਹੋ ਸਕਦੇ ਹਨ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ 16 ਮੰਤਰੀ ਹਨ। ਅਰੋੜਾ ਦੇ ਕੈਬਨਿਟ ਵਿੱਚ ਸ਼ਾਮਲ ਹੋਣ ਤੋਂ ਬਾਅਦ 17 ਮੰਤਰੀ ਹੋ ਗਏ ਹਨ।
ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਉਪ ਚੋਣ ਜਿੱਤੀ
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਪ੍ਰੀਤ ਸਿੰਘ ਗੋਗੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣੇ ਸੀ ਪਰ ਜਨਵਰੀ 2025 ਵਿੱਚ ਉਨ੍ਹਾਂ ਦੀ ਆਪਣੀ ਹੀ ਪਿਸਤੌਲ ਨਾਲ ਗੋਲੀ ਲੱਗਣ ਕਾਰਨ ਘਰ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਇਸ ਸੀਟ ਨੂੰ ਭਰਨ ਲਈ ਚੋਣ ਕਮਿਸ਼ਨ ਨੇ ਜੂਨ ਵਿੱਚ ਉਪ ਚੋਣਾਂ ਕਰਵਾਈਆਂ।
ਇਸ ਉਪ ਚੋਣ ਵਿੱਚ 'ਆਪ' ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ। ਆਪਣੇ ਪ੍ਰਚਾਰ ਵਿੱਚ ਸੀਐਮ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਕੇਜਰੀਵਾਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਅਰੋੜਾ ਵਿਧਾਇਕ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ। ਇਸ ਤੋਂ ਬਾਅਦ ਲੋਕਾਂ ਨੇ ਅਰੋੜਾ ਨੂੰ ਪੂਰੇ ਦਿਲ ਨਾਲ ਵੋਟ ਦਿੱਤੀ। ਅਰੋੜਾ 10,637 ਵੋਟਾਂ ਦੇ ਫਰਕ ਨਾਲ ਜਿੱਤੇ। ਉਨ੍ਹਾਂ ਨੂੰ ਵਿਰੋਧੀ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲੋਂ 43.34% ਵੱਧ ਵੋਟਾਂ ਮਿਲੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।