Punjab News: ਪੰਜਾਬ ਕੈਬਨਿਟ ਨੇ ਅੱਜ ਅਹਿਮ ਫੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਤਹਿਤ ਪੰਜਾਬ ਦੇ ਲੋਕਾਂ ਨੂੰ ਤੀਰਥ ਸਥਾਨਾਂ ਦੀ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਵੇਗੀ। 


ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਇਸ ਮਹੀਨੇ ਦੇ ਅੰਤ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਰੇਲਾਂ ਤੇ ਬੱਸਾਂ ਰਾਹੀਂ ਨਾ ਸਿਰਫ਼ ਸੂਬੇ ਦੇ ਅੰਦਰਲੇ ਧਾਰਮਿਕ ਸਥਾਨਾਂ, ਸਗੋਂ ਰਾਜ ਤੋਂ ਬਾਹਰਲੇ ਸਥਾਨਾਂ ਲਈ ਵੀ ਭੇਜਿਆ ਜਾਵੇਗਾ। ਇਸ ਮੰਤਵ ਲਈ 40 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। 


ਚੀਮਾ ਨੇ ਕਿਹਾ ਕਿ ਮੰਤਰੀ ਅਮਨ ਅਰੋੜਾ, ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ ਦੀ ਕੈਬਨਿਟ ਸਬ-ਕਮੇਟੀ ਸਕੀਮ ’ਤੇ ਕੰਮ ਕਰੇਗੀ। ਮੰਤਰੀ ਮੰਡਲ ਵੱਲੋਂ ਲਏ ਇੱਕ ਹੋਰ ਫੈਸਲੇ ਵਿੱਚ ਜੰਗੀ ਹੀਰੋਜ਼ ਦੀ ਪੈਨਸ਼ਨ 10,000 ਰੁਪਏ ਤੋਂ ਵਧਾ ਕੇ 20,000 ਰੁਪਏ ਕਰ ਦਿੱਤੀ ਗਈ ਹੈ। ਮੰਤਰੀ ਮੰਡਲ ਨੇ ਅਰਧ ਸੈਨਿਕ ਬਲਾਂ ਦੇ 75 ਫ਼ੀਸਦ ਤੋਂ ਵੱਧ ਅਪੰਗਤਾ ਵਾਲਿਆਂ ਲਈ ਮੁਆਵਜ਼ਾ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ 75 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਹਨ। 


ਵੈਟ ਤੇ ਸੀਐਸਟੀ ਡਿਫਾਲਟਰਾਂ ਲਈ ਯਕਮੁਸ਼ਤ ਨਿਪਟਾਰਾ ਸਕੀਮ ਨੂੰ ਵੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਚੀਮਾ ਮੁਤਾਬਕ ਇਹ ਵਪਾਰੀਆਂ ਨੂੰ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ ਹੈ। ਇਸ ਨਾਲ 39,787 ਵਪਾਰੀਆਂ ਨੂੰ ਲਾਭ ਹੋਵੇਗਾ। ਇਹ ਸਕੀਮ ਇਸ ਸਾਲ 15 ਨਵੰਬਰ ਤੋਂ 15 ਮਾਰਚ 2024 ਤੱਕ ਲਾਗੂ ਰਹੇਗੀ। ਇਸ ਦੇ ਨਾਲ ਮਾਲ ਵਿਭਾਗ ਵਿੱਚ ਵੱਡੀ ਪ੍ਰਸ਼ਾਸਕੀ ਤਬਦੀਲੀ ਕਰਦਿਆਂ ਸਰਕਾਰ ਨੇ ਸਾਰੇ ਪਟਵਾਰੀਆਂ ਤੇ ਕਾਨੂੰਗੋਆਂ ਦਾ ਸਾਂਝਾ ਰਾਜ ਕਾਡਰ ਬਣਾਉਣ ਦਾ ਫੈਸਲਾ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।