ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋ ਰਹੀ ਹੈ। ਇਸ ਮੀਟਿੰਗ ਵਿੱਚ ਬਜਟ ਇਜਲਾਸ ਦੀ ਤਾਰੀਖ ਤੈਅ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਦੇ ਆਖਰੀ ਵਰ੍ਹੇ ਦਾ ਬਜਟ ਇਜਲਾਸ ਪਹਿਲੀ ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਪਹਿਲੀ ਮਾਰਚ ਤੋਂ ਸ਼ੁਰੂ ਹੋਣ ਵਾਲਾ ਇਜਲਾਸ 10 ਮਾਰਚ ਤੱਕ ਚੱਲਣ ਦੀ ਸੰਭਾਵਨਾ ਹੈ।


ਕੈਬਨਿਟ ਮੀਟਿੰਗ ਵਿਚ ਰਾਜਪਾਲ ਦੇ ਭਾਸ਼ਨ ਨੂੰ ਵੀ ਪ੍ਰਵਾਨਗੀ ਮਿਲਣ ਦੇ ਆਸਾਰ ਹਨ। ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖਰੀ ਬਜਟ ਇਜਲਾਸ ਹੋਵੇਗਾ, ਜਿਸ ’ਚ ਸਰਕਾਰ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਐਲਾਨ ਕਰ ਸਕਦੀ ਹੈ।


ਸਰਕਾਰ ਨਗਰ ਨਿਗਮਾਂ ਦੇ ਮੇਅਰਾਂ ਤੇ ਕੌਂਸਲਾਂ ਦੀ ਪ੍ਰਧਾਨਗੀ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਬਾਰੇ ਸੋਚ ਰਹੀ ਹੈ। ਕੈਬਨਿਟ ਵਿੱਚ ਖੇਤੀ ਸੋਧ ਬਿੱਲਾਂ ਨੂੰ ਮੁੜ ਪਾਸ ਕੀਤੇ ਜਾਣ ਦਾ ਏਜੰਡਾ ਵੀ ਆ ਸਕਦਾ ਹੈ।