ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, 25 ਜੁਲਾਈ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਨਿਵਾਸ 'ਤੇ ਹੋਵੇਗੀ। ਇਹ ਇਕ ਹਫ਼ਤੇ 'ਚ ਹੋਣ ਵਾਲੀ ਦੂਜੀ ਕੈਬਨਿਟ ਮੀਟਿੰਗ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਸਰਕਾਰ ਕਈ ਮਹੱਤਵਪੂਰਨ ਫੈਸਲੇ ਲੈ ਸਕਦੀ ਹੈ।
ਇਸ ਮੀਟਿੰਗ ਦੌਰਾਨ ਕੁਝ ਵਿਭਾਗਾਂ 'ਚ ਨਵੀਆਂ ਭਰਤੀਆਂ ਦੇ ਨਾਲ-ਨਾਲ ਵਿਕਾਸ ਸੰਬੰਧੀ ਕਈ ਹੋਰ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਮੀਟਿੰਗ ਤੋਂ ਠੀਕ ਪਹਿਲਾਂ ਸੀਐੱਮ ਭਗਵੰਤ ਮਾਨ ਬਠਿੰਡਾ ਦੀ PCR ਟੀਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨਤ ਕਰਨਗੇ। ਇਹ ਉਹ ਟੀਮ ਹੈ ਜਿਸ ਨੇ ਸਰਹਿੰਦ ਨਹਿਰ 'ਚ ਕਾਰ ਡਿੱਗਣ ਤੋਂ ਬਾਅਦ 11 ਲੋਕਾਂ ਦੀ ਜਾਨ ਬਚਾਈ ਸੀ। ਇਸ ਤੋਂ ਪਹਿਲਾਂ ਹੋਈ ਮੀਟਿੰਗ 'ਚ ਸਰਕਾਰ ਨੇ ਲੈਂਡ ਪੁਲਿੰਗ ਨੀਤੀ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਸੀ।
ਮੀਟਿੰਗ ਵਿੱਚ ਉਪਚੋਣ 'ਤੇ ਵੀ ਰਹੇਗਾ ਧਿਆਨ
ਇਹ ਕੈਬਨਿਟ ਮੀਟਿੰਗ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਲੁਧਿਆਣਾ ਜ਼ਿਮਣੀ ਚੋਣ ਤੋਂ ਬਾਅਦ ਹੁਣ ਸਰਕਾਰ ਦੇ ਸਾਹਮਣੇ ਤਰਨਤਾਰਨ ਉਪਚੋਣ ਦੀ ਚੁਣੌਤੀ ਹੈ। ਅਜਿਹੇ 'ਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਕੁਝ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ, ਜੋ ਉਥੇ ਦੇ ਵੋਟਾਂ ਨੂੰ ਪ੍ਰਭਾਵਿਤ ਕਰ ਸਕਣ।
ਇਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ, ਅਤੇ ਇਹ ਸੀਟ ਹੁਣ ਖਾਲੀ ਘੋਸ਼ਿਤ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਹਜੇ ਤੱਕ ਜ਼ਿਮਣੀ ਚੋਣ ਦੀ ਘੋਸ਼ਣਾ ਨਹੀਂ ਹੋਈ। ਸਰਕਾਰ ਕੋਲ ਪੂਰਾ ਬਹੁਮਤ ਹੈ, ਪਰ ਫਿਰ ਵੀ ਇਸ ਜ਼ਿਮਣੀ ਚੋਣ 'ਤੇ ਉਸਦਾ ਪੂਰਾ ਧਿਆਨ ਕੇਂਦਰਿਤ ਰਹੇਗਾ।
ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਦਿਖੀ ਪੰਜਾਬ ਮਾਡਲ ਦੀ ਝਲਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਹਾਲ ਹੀ ਵਿੱਚ ਦੋ ਦਿਨਾਂ ਦੇ ਗੁਜਰਾਤ ਦੌਰੇ 'ਤੇ ਸਨ। ਇਥੇ ਦੋ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਬਿਨਾਂ ਸਿਫ਼ਾਰਸ਼, ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ’ਤੇ 56 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਦਿੱਤਾ ਜਾ ਰਿਹਾ ਹੈ।
ਇਸਦੇ ਇਲਾਵਾ, ਰਾਜ ਵਿੱਚ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ, ਜਿਸ ਨਾਲ 88 ਫੀਸਦੀ ਪਰਿਵਾਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਭਰਨਾ ਪੈਂਦਾ। ਪੰਜਾਬ ਵਿੱਚ ਕਿਸਾਨਾਂ ਨੂੰ ਸਿੰਚਾਈ ਲਈ ਨਿਹਰੀ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਤੱਕ 60 ਫੀਸਦੀ ਖੇਤੀਬਾੜੀ ਵਾਲੀ ਜ਼ਮੀਨ ਦੀ ਸਿੰਚਾਈ ਨਿਹਰੀ ਪਾਣੀ ਰਾਹੀਂ ਕੀਤੀ ਜਾ ਰਹੀ ਹੈ।