Punjab News: ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਰਾਜਨੀਤੀ ਗਰਮਾ ਗਈ ਹੈ। ਪੂਰੀ ਵਿਰੋਧੀ ਧਿਰ ਨੇ ਇੱਕਜੁੱਟ ਹੋ ਕੇ ਸਰਕਾਰ 'ਤੇ ਹਮਲਾ ਬੋਲ ਦਿੱਤਾ ਹੈ। ਇਸ ਦੇ ਨਾਲ ਹੀ, ਮਾਨ ਸਰਕਾਰ ਦੇ ਮੰਤਰੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ ਪਰ ਇਸ ਮੌਕੇ ਪੰਜਾਬ ਸਰਕਾਰ ਮੁੜ ਤੋਂ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਜਿਹੇ ਧਮਾਕਿਆਂ ਦੀ ਬਾਰੰਬਾਰਤਾ ਅਤੇ ਨਿਯਮਤਤਾ ਵਧੀ ਹੈ। ਕੀ ਇਹ ਧਮਾਕੇ ਪੰਜਾਬ ਸਰਕਾਰ ਦੇ ਬੋਲ਼ੇ ਕੰਨਾਂ ਵਿੱਚ ਕੋਈ ਆਵਾਜ਼ ਪਾ ਰਹੇ ਹਨ? ਮੁੱਖ ਮੰਤਰੀ ਨੂੰ ਜਾਗਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਪੰਜਾਬ ਇੱਕ ਹੋਰ ਕਾਲਾ ਦੌਰ ਬਰਦਾਸ਼ਤ ਨਹੀਂ ਕਰ ਸਕਦੇ

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਜਪਾ ਨੇਤਾ ਮਨੋਰੰਜਨ ਕਾਲੀਆ ਜੀ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਪੰਜਾਬ ਸਰਕਾਰ ਦੀ ਲਾਪਰਵਾਹੀਆਂ ਨੇ ਪੰਜਾਬ ਦੀ ਕਨੂੰਨ ਵਿਵਸਥਾ ਨੂੰ ਹਾਸ਼ੀਏ ਤੇ ਲਿਆਕੇ ਰੱਖ ਦਿੱਤਾ ਹੈ। ਭਗਵੰਤ ਮਾਨ ਸਾਬ੍ਹ! ਸਿਰਫ ਖ਼ੁਦ ਦੀ ਯਾਂ ਦਿੱਲੀ ਵਾਲਿਆਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਹਰ ਖਾਸ ਅਤੇ ਆਮ ਨਾਗਰਿਕ ਦੀ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਹੀ ਬਣਦੀ ਹੈ, ਪਰ ਅਫਸੋਸ ਹੈ ਕਿ ਤੁਸੀ ਗ੍ਰਹਿ ਮੰਤਰੀ ਵਜੋਂ ਪਹਿਲੇ ਦਿਨ ਤੋਂ ਹੀ ਸੁਰੱਖਿਆ ਮਾਮਲੇ 'ਚ ਫੇਲ੍ਹ ਸਾਬਿਤ ਹੁੰਦੇ ਆਏ ਹੋ।

ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਜੀ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।  ਭਗਵੰਤ ਮਾਨ ਦੀ ਸਰਕਾਰ ਹੇਠ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਹਨ ਤੇ ਰਾਜ ਬੇਕਾਬੂ ਹਾਲਾਤਾਂ ਵੱਲ ਵੱਧ ਰਿਹਾ ਹੈ। ਭਗਵੰਤ ਮਾਨ ਜੀ, ਤੁਸੀਂ ਨਾ ਸਿਰਫ਼ ਮੁੱਖ ਮੰਤਰੀ ਵਜੋਂ ਨਾਕਾਮ ਸਾਬਤ ਹੋਏ ਹੋ, ਸਗੋਂ ਗ੍ਰਹਿ ਮੰਤਰੀ ਵਜੋਂ ਤਾਂ ਤੁਸੀਂ ਪੂਰੀ ਕਾਨੂੰਨ ਵਿਵਸਥਾ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਇਹਨਾਂ ਹਾਲਾਤਾਂ ਵਿੱਚ ਤੁਹਾਡੇ ਤੋਂ ਆਮ ਪੰਜਾਬੀ ਨੂੰ ਕਿਹੋ ਜਿਹੀ ਉਮੀਦ ਹੋ ਸਕਦੀ ਹੈ?