ਚੰਡੀਗੜ੍ਹ: ਸਵੇਰ ਦੀ ਸੈਰ ਲਈ ਜਾਣ ਦੀ ਇਜਾਜ਼ਤ ਤੋਂ ਲੈ ਕੇ ਇੱਕ ਨਾਈ ਨੂੰ ਘਰ ਬੁਲਾਉਣ ਅਤੇ ਕੁੱਤੇ ਨੂੰ ਬਾਹਰ ਘੁੰਮਾਉਣ ਤੱਕ ਤੇ ਕਈ ਹੋਰ ਗੈਰ-ਜ਼ਰੂਰੀ ਕੰਮਾਂ ਲਈ ਕਰਫਿਊ ਪਾਸ ਦੀ ਮੰਗ ਕਰਨ ਵਾਲੇ ਵਸਨੀਕਾਂ ਦੀਆਂ ਬਹੁਤ ਸਾਰੀਆਂ ਬੇਨਤੀਆਂ ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਪ੍ਰਾਪਤ ਹੋਇਆਂ ਹਨ।
ਲੌਕਡਾਉਨ ਪਾਬੰਦੀਆਂ ਨੂੰ ਲਾਗੂ ਕਰਨ ਅਤੇ ਲੋਕਾਂ ਦੇ ਦਰਵਾਜ਼ੇ 'ਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਹੀ ਰਾਜ ਅਤੇ ਕੇਂਦਰ ਸਰਕਾਰ ਸਖ਼ਤ ਦਬਾਅ ਹੇਠ ਹੈ। ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਬੰਧਤ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਗੈਰ ਜ਼ਰੂਰੀ ਕਾਰਨਾਂ ਲਈ ਕਰਫਿਊ ਪਾਸ ਲਈ ਬੇਨਤੀਆਂ ਕਰਨ ਤੋਂ ਗੁਰੇਜ਼ ਕਰਨ।ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੰਜਾਬ ਅਤੇ ਚੰਡੀਗੜ੍ਹ ਦੋਵਾਂ ਨੇ ਆਪੋ ਆਪਣੇ ਪ੍ਰਦੇਸ਼ਾਂ ਵਿੱਚ ਕਰਫਿਊ ਲਗਾਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,
“ਲੋਕ ਕਰਫਿਊ ਪਾਸਾਂ ਲਈ ਅਜੀਬ ਬੇਨਤੀਆਂ ਲੈ ਕੇ ਆ ਰਹੇ ਹਨ। ਅਜਿਹੀ ਹੀ ਇੱਕ ਬੇਨਤੀ ਇੱਕ ਫਲੈਟ ਵਿੱਚ ਰਹਿਣ ਵਾਲੇ ਇੱਕ ਚੰਡੀਗੜ੍ਹ ਨਿਵਾਸੀ ਦੀ ਸੀ, ਜਿਸਨੇ ਕੁੱਤੇ ਨੂੰ ਬਾਹਰ ਲਿਜਾਣ ਲਈ ਇੱਕ ਪਾਸ ਦੀ ਮੰਗ ਕੀਤੀ ਸੀ। ਇੱਕ ਹੋਰ ਬੇਨਤੀ ਘਰ ਵਿੱਚ ਦੁਕਾਨਾਂ ਬੰਦ ਹੋਣ ਤੇ ਇੱਕ ਨਾਈ ਨੂੰ ਵਾਲ ਕਟਾਉਣ ਲਈ ਘਰ ਬੁਲਾਉਣ ਦੀ ਸੀ। ”-
ਮੁਹਾਲੀ ਵਿੱਚ ਵੀ, ਜ਼ਿਲ੍ਹਾ ਪ੍ਰਸ਼ਾਸਨ ਨੂੰ ਸਵੇਰ ਅਤੇ ਸ਼ਾਮ ਦੀ ਸੈਰ ਕਰਨ ਲਈ ਕਰਫਿਊ ਪਾਸ ਮੰਗਣ ਵਾਲੀਆਂ ਦੀਆਂ ਕਈ ਕਾਲਾਂ ਆਈਆਂ।
ਮੁਹਾਲੀ ਦੇ ਸਬ ਡਵੀਜ਼ਨਲ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਦੱਸਿਆ,
“ਸਾਨੂੰ ਸਵੇਰ ਅਤੇ ਸ਼ਾਮ ਦੀ ਸੈਰ ਤੇ ਜਾਣ ਲਈ ਕਰਫਿਊ ਪਾਸ ਲਈ ਲੋਕਾਂ ਕੋਲੋਂ ਬੇਨਤੀਆਂ ਮਿਲੀਆਂ ਹਨ। ਉਹ ਦੱਸਦੇ ਹਨ ਕਿ ਉਹ ਸਿਹਤਮੰਦ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਉਨ੍ਹਾਂ ਦੀਆਂ ਸੈਰਾਂ ਪਾਬੰਦੀਆਂ ਲਗਾਉਣ ਕਾਰਨ ਰੁਕੀਆਂ ਹਨ।”-
ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ, ਵੀਆਈਪੀਜ਼ ਵੱਲੋਂ ਕੁਝ ਬੇਨਤੀਆਂ ਆਈਆਂ ਹਨ ਜਿਹਨਾਂ ਵਿੱਚ ਉਹ ਆਪਣੇ ਗੰਨਮੈਨ ਜਾਂ ਰੋਟੀ ਪਕਾਉਣ ਵਾਲੇ ਲਈ ਪਾਸ ਚਾਹੁੰਦੇ ਹਨ। ਮੁਹਾਲੀ ਦੇ ਡੇਰਾਬਸੀ ਵਿੱਚ, ਅਧਿਕਾਰੀਆਂ ਨੂੰ ਇੱਕ ਵਿਅਕਤੀ ਦੀ ਬੇਨਤੀ ਮਿਲੀ ਹੈ ਕਿ ਉਸਨੂੰ ਉਸਦੇ ਨਾਨਕੇ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ।
ਅਧਿਕਾਰੀਆਂ ਨੇ ਕਿਹਾ ਕਿ ਅਜਿਹੀਆਂ ਬੇਨਤੀਆਂ ਵਾਲੇ ਲੋਕ ਇਸ ਮੁੱਦੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਅਤੇ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਪ੍ਰਸ਼ਾਸਨ ਦਾ ਸਮਰਥਨ ਕਰਨਾ ਚਾਹੀਦਾ ਹੈ।ਇਕੱਲੇ ਪੰਜਾਬ ਦੇ ਖਰੜ ਕਸਬੇ ਦੇ ਐਸਡੀਐਮ ਦਫ਼ਤਰ ਤੇ ਹੀ ਕਰਫਿਊ ਪਾਸ ਲਈ ਲਗਭਗ 2,000 ਕਾਲਾਂ ਆਈਆਂ ਸਨ।
ਇਸ ਦੌਰਾਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਬਜ਼ੀ ਵਿਕਰੇਤਾਵਾਂ, ਕੈਮਿਸਟ ਐਸੋਸੀਏਸ਼ਨਾਂ ਅਤੇ ਰਾਸ਼ਨ ਦੀਆਂ ਦੁਕਾਨਾਂ ਨੂੰ ਕਰਫਿਊ ਪਾਸ ਜਾਰੀ ਕਰਕੇ ਵਸਨੀਕਾਂ ਦੇ ਦਰਵਾਜ਼ੇ ਤੇ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ।