ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤਾਂ ਹੋਰ ਠੰਡੀਆਂ ਹੋਣ ਲੱਗਣਗੀਆਂ ਹਨ। ਅਗਲੇ ਚਾਰ ਦਿਨਾਂ ਦੌਰਾਨ ਨਿਊਨਤਮ ਤਾਪਮਾਨ ਵਿੱਚ ਹੌਲੀ-ਹੌਲੀ 2 ਤੋਂ 3 ਡਿਗਰੀ ਤੱਕ ਕਮੀ ਦਰਜ ਕੀਤੀ ਜਾਵੇਗੀ। ਮੌਸਮ ਵਿਭਾਗ ਮੁਤਾਬਕ ਕੁਝ ਖੇਤਰਾਂ ਵਿੱਚ ਹਲਕੇ ਕੋਹਰੇ ਦੀ ਸੰਭਾਵਨਾ ਵੀ ਹੈ। ਇਸਦੇ ਨਾਲ ਹੀ ਅਗਲੇ ਸੱਤ ਦਿਨਾਂ ਦੌਰਾਨ ਨਾ ਤਾਂ ਮੀਂਹ ਦੀ ਕੋਈ ਸੰਭਾਵਨਾ ਹੈ ਤੇ ਨਾ ਹੀ ਕਿਸੇ ਹੋਰ ਕਿਸਮ ਦਾ ਮੌਸਮੀ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਹੁਣ ਆਮ ਦਰ ‘ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਮੁਤਾਬਕ, 27 ਨਵੰਬਰ ਨੂੰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਰਾਜ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 22–24 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦੀ ਉਮੀਦ ਹੈ, ਜਦਕਿ ਰਾਜ ਦੇ ਬਾਕੀ ਹਿੱਸਿਆਂ ਵਿੱਚ ਇਹ 24–26 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹੇਗਾ। ਇਸ ਹਫ਼ਤੇ ਦੌਰਾਨ ਦਿਨ ਦਾ ਤਾਪਮਾਨ ਜ਼ਿਆਦਾਤਰ ਸਧਾਰਣ ਜਾਂ ਇਸ ਤੋਂ ਥੋੜ੍ਹਾ ਘੱਟ ਰਹੇਗਾ।
ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਚੱਲ ਰਿਹਾ
ਇਸੇ ਦੌਰਾਨ ਰਾਜ ਦੇ ਉੱਤਰ-ਪੱਛਮੀ ਜ਼ਿਲ੍ਹੇ-ਜਿਵੇਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ-ਵਿੱਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਸੈਂਟੀਗ੍ਰੇਡ ਤੱਕ ਰਹੇਗਾ। ਹੋਰ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਾਨ 6 ਤੋਂ 8 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹੇਗਾ। ਬਹੁਤ ਸਾਰੀਆਂ ਥਾਵਾਂ ‘ਤੇ ਤਾਪਮਾਨ ਸਧਾਰਣ ਤੋਂ ਘੱਟ ਦਰਜ ਕੀਤਾ ਜਾਵੇਗਾ, ਜਦਕਿ ਕੁਝ ਮੱਧ ਅਤੇ ਪੂਰਬੀ ਇਲਾਕਿਆਂ ਵਿੱਚ ਤਾਪਮਾਨ ਲਗਭਗ ਸਧਾਰਣ ਰਹੇਗਾ। ਇਸ ਤੋਂ ਇਲਾਵਾ, ਦਿੱਲੀ–ਅੰਬਾਲਾ ਅਤੇ ਅੰਬਾਲਾ–ਅੰਮ੍ਰਿਤਸਰ ਹਾਈਵੇਅ ‘ਤੇ ਆਸਮਾਨ ਸਾਫ਼ ਬਣਿਆ ਰਹੇਗਾ।
AQI ਲਗਾਤਾਰ ਵਧ ਰਿਹਾ
ਪੰਜਾਬ ਅਤੇ ਚੰਡੀਗੜ੍ਹ ਦੀ ਹਵਾ ਇੱਕ ਵਾਰ ਫਿਰ ਪ੍ਰਦੂਸ਼ਿਤ ਪਾਈ ਗਈ ਹੈ ਅਤੇ AQI ਲਗਾਤਾਰ ਵਧ ਰਿਹਾ ਹੈ। ਪਰਾਲੀ ਸਾੜਨ ਦਾ ਪ੍ਰਭਾਵ ਚੰਡੀਗੜ੍ਹ ‘ਚ ਵੀ ਸਾਫ਼ ਤੌਰ ‘ਤੇ ਦਿੱਖ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-22 ‘ਚ ਸਵੇਰੇ 7 ਵਜੇ AQI 174, ਸੈਕਟਰ-25 ਵਿੱਚ 163 ਅਤੇ ਸੈਕਟਰ-53 ਵਿੱਚ 157 ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ AQI 190, ਜਲੰਧਰ ਵਿੱਚ 126, ਖੰਨਿਆ ਵਿੱਚ 124, ਲੁਧਿਆਣਾ ਵਿੱਚ 147, ਮੰਡੀ ਗੋਬਿੰਦਗੜ੍ਹ ਵਿੱਚ 186 ਤੇ ਪਟਿਆਲਾ ‘ਚ 162 ਦਰਜ ਹੋਇਆ। ਹਾਲਾਂਕਿ ਬਠਿੰਡਾ ਤੇ ਰੂਪਨਗਰ ਦਾ ਡਾਟਾ ਵਿਭਾਗ ਨੇ ਜਾਰੀ ਨਹੀਂ ਕੀਤਾ।