ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਇਸ ਦਾ ਕਾਰਨ ਸਿਹਤ ਦੀ ਸਮੱਸਿਆ ਦੱਸਿਆ ਹੈ।ਪਰ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ (SIT) ਨੂੰ ਪੇਸ਼ ਹੋਣ ਲਈ ਕੋਈ ਹੋਰ ਤਾਰੀਖ ਤੈਅ ਕਰਨ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ 10 ਦਿਨਾਂ ਦੇ ਲਈ ਉਹਨਾਂ ਨੂੰ ਪੂਰਨ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ।
ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਾਦਲ ਨੂੰ ਪੁੱਛ-ਗਿੱਛ ਲਈ 16 ਜੂਨ ਨੂੰ ਤਲਬ ਕੀਤਾ ਸੀ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਬਾਦਲ ਨੂੰ ਮੁਹਾਲੀ ਦੇ ਫੇਜ਼-8 ਵਿੱਚ ਪੁੱਛ-ਗਿੱਛ ਲਈ ਬੁਲਾਇਆ ਸੀ।
ਪ੍ਰਕਾਸ਼ ਸਿੰਘ ਬਾਦਲ ਨੇ ਇਸ ਸਬੰਧ ਵਿੱਚ SIT ਦੇ ਚੇਅਰਮੈਨ ਨੂੰ ਇੱਕ ਚਿੱਠੀ ਵੀ ਲਿਖੀ ਹੈ।ਉਨ੍ਹਾਂ ਕਿਹਾ ਕਿ, "ਹਾਲਾਂਕਿ, ਮੇਰੀ ਸਿਹਤ ਦੀ ਮੌਜੂਦਾ ਸਥਿਤੀ ਮੈਨੂੰ ਤੁਹਾਡੇ ਵੱਲੋਂ ਨਿਰਧਾਰਤ ਮਿਤੀ 'ਤੇ ਜਾਂਚ 'ਚ ਸ਼ਾਮਲ ਹੋਣ ਲਈ ਇਜਾਜ਼ਤ ਨਹੀਂ ਦਿੰਦੀ। ਮੈਨੂੰ ਮੇਰੇ ਡਾਕਟਰ ਵੱਲੋਂ 10 ਦਿਨਾਂ ਦੀ ਬੈੱਡ ਰੈਸਟ ਦੀ ਸਲਾਹ ਦਿੱਤੀ ਗਈ ਹੈ। ਮੈਂ ਮਿਤੀ 8.6.2021 ਨੂੰ ਮੈਡੀਕਲ ਸਰਟੀਫਿਕੇਟ ਜੋੜ ਰਿਹਾ ਹਾਂ। ਜਿਵੇਂ ਹੀ ਮੇਰੀ ਸਿਹਤ ਠੀਕ ਹੋ ਜਾਂਦੀ ਹੈ, ਮੈਂ ਆਪਣੀ ਮੌਜੂਦਾ ਨਿਵਾਸ ਸਥਾਨ ਅਰਥਾਤ ਵਿਧਾਇਕ ਫਲੈਟ ਨੰਬਰ 37, ਸੈਕਟਰ 4, ਚੰਡੀਗੜ੍ਹ ਵਿੱਚ ਕਾਨੂੰਨ ਅਨੁਸਾਰ ਜਾਂਚ ਵਿਚ ਸ਼ਾਮਲ ਹੋਣ ਲਈ ਉਪਲਬਧ ਹੋ ਜਾਵਾਂਗਾ। ਇਸ ਦੇ ਅਨੁਸਾਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤਫ਼ਤੀਸ਼ਾਂ ਲਈ ਮੇਰੀ ਹਾਜ਼ਰੀ ਲਈ ਮਿਤੀ ਦਾ ਸਮਾਂ ਤਹਿ ਕੀਤਾ ਜਾਏ।"
ਬੇਸ਼ੱਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਸੀ ਕਿ ਉਹ ਸਿੱਟ ਨਾਲ ਪੂਰਾ ਸਹਿਯੋਗ ਕਰਨਗੇ ਪਰ ਅੱਜ ਬਾਦਲ ਨੇ ਸਿੱਟ ਸਾਹਮਣੇ ਪੇਸ਼ ਹੋਣ ਤੋਂ ਟਾਲਾ ਵੱਟ ਲਿਆ ਹੈ। ਉਂਝ ਬਾਦਲ ਦਾ ਜਾਂਚ ਟੀਮ ਅੱਗੇ ਪੇਸ਼ ਹੋਣਾ ਜ਼ਰੂਰੀ ਨਹੀਂ ਸੀ ਕਿਉਂਕਿ ਕੋਈ ਵੀ ਜਾਂਚ ਏਜੰਸੀ 65 ਸਾਲ ਤੋਂ ਉਪਰ ਦੇ ਨਾਗਰਿਕ ਨੂੰ ਪੁੱਛ-ਪੜਤਾਲ ਲਈ ਸੱਦ ਨਹੀਂ ਸਕਦੀ ਸਗੋਂ ਜਾਂਚ ਟੀਮ ਨੂੰ ਉਸ ਵਿਅਕਤੀ ਕੋਲ ਜਾਣਾ ਪੈਂਦਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿੱਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ। ਜਾਂਚ ਟੀਮ ਨੇ ਸਾਬਕਾ ਡੀਜੀਪੀ ਤੇ ਪੰਜ ਹੋਰ ਆਈਪੀਐੱਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਸੱਦਿਆ ਸੀ।