ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਹੈ ਕਿ ਚੱਲ ਰਹੇ ਝੋਨਾ ਬਿਜਾਈ ਦੇ ਸੀਜ਼ਨ ਵਿੱਚ ਕਿਸੇ ਵੀ ਹਾਲਤ ਵਿੱਚ ਬਿਜਲੀ ਸਪਲਾਈ 'ਚ ਵਿਘਨ ਪੈਣ ਤੋਂ ਰੋਕਿਆ ਜਾਏ।ਉਨ੍ਹਾਂ ਕਿਸਾਨਾਂ ਨੂੰ ਘੱਟੋ-ਘੱਟ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਇਹ ਵੀ ਆਦੇਸ਼ ਦਿੱਤੇ ਕਿ ਜੇ ਰਾਜ ਤੋਂ ਬਾਹਰੋਂ ਕਿਸੇ ਵੀ ਕੀਮਤ ’ਤੇ ਬਿਜਲੀ ਦੀ ਖਰੀਦ ਦੀ ਲੋੜ ਹੈ ਤਾਂ ਉਹ ਵੀ ਕਿਸਾਨਾਂ ਲਈ ਕੀਤੀ ਜਾਵੇ।


 


ਚੱਲ ਰਹੇ ਸਾਉਣੀ ਦੇ ਮੌਸਮ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਜਾਬ ਰਾਜ ਬਿਜਲੀ ਨਿਗਮ ਲਿਮਟਡ (ਪੀਐਸਪੀਸੀਐਲ) ਦੇ ਦਰਪੇਸ਼ ਵਿੱਤੀ ਸੰਕਟ ਨੂੰ ਹੱਲ ਕਰਨ ਲਈ 500 ਕਰੋੜ ਰੁਪਏ ਜਾਰੀ ਕਰੇ।


ਇਸ ਮੀਟਿੰਗ ਵਿਚ ਮੌਜੂਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਵਿਭਾਗ ਇਹ ਫੰਡ ਬਿਨਾਂ ਦੇਰੀ ਕੀਤੇ ਜਾਰੀ ਕਰੇਗਾ।


ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਬਿਜਲੀ ਗਰਿੱਡ ਸਟੇਸ਼ਨਾਂ ਦੇ ਬਾਹਰ ਧਰਨੇ ਲਗਾਏ ਸਨ ਅਤੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਅੱਠ ਘੰਟੇ ਦੀ ਸਪਲਾਈ ਨਹੀਂ ਮਿਲ ਰਹੀ।


 


ਪੀਐਸਪੀਸੀਐਲ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਹੈ ਕਿ ਮਹਾਮਾਰੀ ਸੰਕਟ ਕਾਰਨ ਪਿਛਲੇ ਇੱਕ ਸਾਲ ਵਿੱਚ ਖਪਤ ਅਤੇ ਮਾਲੀਆ ਇਕੱਤਰ ਕਰਨ ਵਿੱਚ ਆਈ ਗਿਰਾਵਟ ਦੇ ਨਤੀਜੇ ਵਜੋਂ ਇਸ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।