Bhagwant Mann on Partap Singh Bajwa: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann)ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਤੰਜ਼ ਕੱਸਿਆ ਹੈ। ਸੀਐਮ ਮਾਨ ਨੇ ਵਿਧਾਨ ਸਭਾ ਵਿੱਚ ਕਿਹਾ, "ਉਨ੍ਹਾਂ ਦੇ ਆਪਣੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ ਅਤੇ ਸਾਡੇ ਆਗੂਆਂ ਬਾਰੇ ਉਹ ਕਹਿੰਦੇ ਹਨ ਕਿ ਕਦੇ 30 ਸੰਪਰਕ ਵਿੱਚ ਹੁੰਦੇ ਹਨ, ਕਦੇ 32। ਬਾਜਵਾ ਦੋ ਸਾਲਾਂ ਤੋਂ ਇਹੀ ਗੱਲ ਕਹਿ ਰਹੇ ਹਨ।" ਆਪਣੇ ਲੋਕਾਂ ਨਾਲ ਸੰਪਰਕ ਵਿੱਚ ਰਹੋ ਬਾਜਵਾ ਜੀ...ਕਦੇ-ਕਦੇ ਪੰਜਾਬ ਦੇ ਮੁੱਦੇ ਵੀ ਉਠਾਓ।
ਮਾਨ ਨੇ ਕਿਹਾ, "ਕਾਂਗਰਸ ਦੇ ਲੋਕ ਪੁੱਛਦੇ ਹਨ ਕਿ ਦਿੱਲੀ ਤੋਂ ਸਾਡੇ ਆਗੂ ਇੱਥੇ ਕਿਉਂ ਆਏ। ਕਾਂਗਰਸ ਹੁਣ ਭੁਪੇਸ਼ ਬਘੇਲ ਨੂੰ ਲੈ ਕੇ ਆਈ ਹੈ, ਕੀ ਉਹ ਪੰਜਾਬ ਤੋਂ ਹੈ ? ਉਹ ਵੀ ਤਾਂ ਹਾਰਿਆਹੈ। ਇਸ ਤੋਂ ਪਹਿਲਾਂ ਹਰੀਸ਼ ਚੌਧਰੀ ਅਤੇ ਹਰੀਸ਼ ਰਾਵਤ ਸਨ, ਉਹ ਵੀ ਹਾਰ ਗਏ ਸਨ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ (24 ਫਰਵਰੀ) ਨੂੰ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਪੱਖ ਬਦਲਣ ਲਈ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, “ਅਸੀਂ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਕਾਂਗਰਸ ਦਾ ਇਰਾਦਾ ਰਾਜ ਸਰਕਾਰ ਨੂੰ ਡੇਗਣ ਦਾ ਨਹੀਂ ਹੈ। ਮੈਂ ਇਹ ਇੱਕ ਵਾਰ ਫਿਰ ਕਹਿ ਰਿਹਾ ਹਾਂ, 32 ਵਿਧਾਇਕ ਮੇਰੇ ਸੰਪਰਕ ਵਿੱਚ ਹਨ। ਸਿਰਫ਼ ਵਿਧਾਇਕ ਹੀ ਨਹੀਂ ਸਗੋਂ ਮੰਤਰੀ ਵੀ ਮੇਰੇ ਸੰਪਰਕ ਵਿੱਚ ਹਨ।
ਭਗਵੰਤ ਮਾਨ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ
ਖੇਤੀਬਾੜੀ ਮੰਡੀਕਰਨ 'ਤੇ ਰਾਸ਼ਟਰੀ ਨੀਤੀ ਢਾਂਚੇ ਦੇ ਖਰੜੇ ਦੇ ਖਿਲਾਫ਼ ਬੋਲਦਿਆਂ ਮਾਨ ਨੇ ਕਿਹਾ, “ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਹੈ। ਪੰਜਾਬ ਦਾ ਆਰਡੀਐਫ ਹੋਲਡ 'ਤੇ ਹੈ। ਕੇਂਦਰ ਨੇ ਪਹਿਲਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਆਰਡੀਐਫ ਦੀ ਦੁਰਵਰਤੋਂ ਹੋਈ ਹੈ, ਇਸ ਲਈ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਵੇ ਤਾਂ ਜੋ ਇਹ ਪੈਸਾ ਸਿਰਫ਼ ਪੇਂਡੂ ਵਿਕਾਸ 'ਤੇ ਹੀ ਖਰਚ ਕੀਤਾ ਜਾ ਸਕੇ। ਅਸੀਂ ਬਿੱਲ ਵੀ ਪਾਸ ਕਰ ਦਿੱਤਾ ਹੈ, ਪਰ RDF ਦਾ ਪੈਸਾ ਅਜੇ ਤੱਕ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਮਾਰਕੀਟਿੰਗ 'ਤੇ ਰਾਸ਼ਟਰੀ ਨੀਤੀ ਢਾਂਚੇ ਦੇ ਖਰੜੇ ਦੇ ਵਿਰੁੱਧ ਡਟ ਕੇ ਖੜ੍ਹੇ ਰਹਾਂਗੇ। ਇਸ ਤੋਂ ਬਾਅਦ, ਖੇਤੀਬਾੜੀ ਮਾਰਕੀਟਿੰਗ 'ਤੇ ਰਾਸ਼ਟਰੀ ਨੀਤੀ ਢਾਂਚੇ ਦੇ ਵਿਰੁੱਧ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕੀਤਾ ਗਿਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਹ ਖਰੜਾ ਵਾਪਸ ਲਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਕੋਸ਼ਿਸ਼ ਹੈ।