ਚੰਡੀਗੜ੍ਹ: ਪੰਜਾਬ ਵਿੱਚ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਲ ਖੋਲ੍ਹ ਕੇ ਪ੍ਰਾਪਤੀਆਂ ਗਿਣਵਾਈਆਂ। ਕੈਪਟਨ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੋਂ ਲੈਕੇ ਨਸ਼ਿਆਂ ਨੂੰ ਕਾਬੂ ਕਰਨ ਅਤੇ ਪੰਜਾਬ ਦਾ ਖ਼ਜ਼ਾਨਾ ਭਰਨ ਲਈ 9 ਨੁਕਤੇ ਗਿਣਵਾਏ।


ਇੱਥੇ ਕਾਂਗਰਸ ਭਵਨ ਵਿੱਚ ਪ੍ਰੈਸ ਕਾਨਫ਼ਰੰਸ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਪਾਣੀ ਦੀ ਪੂਰੀ ਤਰ੍ਹਾਂ ਰਾਖੀ ਕਰਾਂਗੇ ਤੇ ਰਾਖੀ ਕੀਤੀ ਹੈ, ਕਿਉਂਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਨਸ਼ਾ ਵਿਰੋਧੀ ਮੁਹਿੰਮਾਂ ਵੱਲੋਂ ਚੰਗਾ ਪ੍ਰਦਰਸ਼ਨ ਕਰਨ ਦੀ ਗੱਲ ਵੀ ਕਹੀ।



ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਸਬੰਧੀ 21,985 ਕੇਸ ਦਰਜ ਹੋ ਚੁੱਕੇ ਹਨ ਅਤੇ 26,000 ਨਸ਼ਾ ਤਸਕਰ ਤੇ ਥੋੜ੍ਹੀ ਮਾਤਰਾ ਵੇਚਣ ਵੀ ਫੜੇ ਜਾ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਪੰਜਾਬ ਵਿੱਚ ਨਸ਼ਿਆਂ ਦੀ ਘਾਟ ਪੈਦਾ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 5.83 ਲੱਖ ਕਿਸਾਨਾਂ ਦਾ ਫ਼ਸਲੀ ਕਰਜ਼ ਮੁਆਫ਼ ਕਰਨ ਵਾਲੀ ਮੁਹਿੰਮ ਤਹਿਤ ਹੁਣ ਤਕ 4,736 ਕਰੋੜ ਰੁਪਏ ਮੁਆਫ਼ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਕੈਪਟਨ ਨੇ ਨੌਜਵਾਨਾਂ ਲਈ ਰੁਜ਼ਗਾਰ ਦੇਣ, ਮਹਿਲਾ ਸਸ਼ਕਤੀਕਰਨ, ਬੇਘਰਾਂ ਲਈ ਘਰ, ਲੋੜਵੰਦਾਂ ਲਈ ਸਰਕਾਰੀ ਸਹੂਲਤਾਂ, ਪ੍ਰਵਾਸੀ ਭਾਰਤੀਆਂ ਲਈ ਕਦਮ ਚੁੱਕਣ ਤੋਂ ਇਲਾਵਾ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਇਨਸਾਫ਼ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਆਦਿ ਪ੍ਰਾਪਤੀਆਂ ਗਿਣਤੀਆਂ।

ਦੇਖੋ ਵੀਡੀਓ-