ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ਇਲਾਕੇ 'ਚ ਬੁੱਧਵਾਰ (13 ਸਤੰਬਰ) ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ ਕਰਨਲ, ਮੇਜਰ ਅਤੇ ਡੀਐੱਸਪੀ ਸ਼ਹੀਦ ਹੋ ਗਏ ਹਨ। ਇਹਨਾਂ ਵਿੱਚ ਪੰਜਾਬ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਵੀ ਸ਼ਾਮਲ ਹਨ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਵਾਸੀ ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ਦੇ ਰਹਿਣ ਵਾਲੇ ਸਨ। ਅਤੇ ਸ਼ਹੀਦ ਦਾ ਸਹੁਰਾ ਪਰਿਵਾਰ ਪੰਚਕੁਲਾ ਦੇ ਸੈਕਟਰ 26 ਵਿੱਚ ਰਹਿੰਦਾ ਹੈ। 


ਕਰਨਲ ਮਨਪ੍ਰੀਤ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣ ਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਅੱਜ ਸ਼ਾਮ ਤੱਕ ਸ਼ਹੀਦ ਮਨਪ੍ਰੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਦੀ ਉਮੀਦ ਲਗਾਈ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ। ਮਨਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਵੀ ਆਰਮੀ ਵਿੱਚ ਸਨ। 


ਕਰਨਲ ਮਨਪ੍ਰੀਤ ਸਿੰਘ ਆਪਣਾ ਹੱਸਦਾ ਵੱਸਦਾ ਘਰ ਛੱਡ ਕੇ ਦੇਸ਼ ਤੋਂ ਜਾਨ ਵਾਰ ਗਿਆ। ਕਰਨਲ ਦੇ ਪਿੱਛੇ ਉਸ ਦੀ ਪਤਨੀ,  7 ਸਾਲ ਦਾ ਬੇਟਾ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਹੈ। ਮਨਪ੍ਰੀਤ ਸਿੰਘ ਦੇ ਭਰਾ ਦਾ ਨਾਮ ਸੰਦੀਪ ਸਿੰਘ ਅਤੇ ਭੈਣ ਦਾ ਨਾਂ ਸੰਦੀਪ ਕੌਰ ਹੈ ਦੋਵੇਂ ਮਨਪ੍ਰੀਤ ਤੋਂ ਛੋਟੋ ਹਨ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ 'ਤੇ ਮਾਨ ਹੈ ਜੋ ਦੇਸ਼ ਦੇ ਲਈ ਕੁਰਬਾਨ ਹੋਇਆ ਹੈ।  ਸ਼ਹੀਦ ਦੀ ਮਾਤਾ ਮਨਜੀਤ ਕੌਰ ਜਿਨ੍ਹਾਂ ਦੀ ਉਮਰ 68 ਸਾਲ ਦੇ ਕਰੀਬ ਹੈ। ਉਹ ਆਪਣੇ ਛੋਟੇ ਪੁੱਤਰ ਸੰਦੀਪ ਸਿੰਘ ਨਾਲ ਪਿੰਡ ਵਿੱਚ ਰਹਿੰਦੀ ਹੈ।




ਮਨਪ੍ਰੀਤ ਸਿੰਘ ਦੇ ਪਿਤਾ ਸੇਵਾਮੁਕਤੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ। ਨੌਕਰੀ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ਼ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਸੰਦੀਪ ਸਿੰਘ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ।


ਮਨਪ੍ਰੀਤ ਸਿੰਘ ਨੂੰ ਕੁਝ ਸਮਾਂ ਪਹਿਲਾਂ ਲੈਫਟੀਨੈਂਟ ਕਰਨਲ ਤੋਂ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ। ਸ਼ਹੀਦ ਮਨਪ੍ਰੀਤ ਸਿੰਘ 2003 ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਏ ਸਨ। 2005 ਵਿੱਚ ਉਹਨਾਂ ਨੂੰ ਮੇਜਰ ਵਜੋਂ ਤਰੱਕੀ ਦਿੱਤੀ ਗਈ। 


ਅਨੰਤਨਾਗ ਦੇ ਗਡੋਲ ਇਲਾਕੇ 'ਚ ਅੱਤਵਾਦੀਆਂ ਖਿਲਾਫ ਮੁਹਿੰਮ ਮੰਗਲਵਾਰ (12 ਸਤੰਬਰ) ਦੀ ਸ਼ਾਮ ਨੂੰ ਸ਼ੁਰੂ ਹੋਈ ਸੀ ਪਰ ਰਾਤ ਨੂੰ ਇਸ ਨੂੰ ਰੋਕ ਦਿੱਤਾ ਗਿਆ ਸੀ। ਅੱਤਵਾਦੀਆਂ ਦੀ ਤਲਾਸ਼ ਬੁੱਧਵਾਰ ਸਵੇਰੇ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਮੁੱਠਭੇੜ 'ਚ ਆਰਮੀ ਜਵਾਨਾ ਦੇ ਗੋਲੀ ਲੱਗ ਗਈ।