Punjab Politics: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ 15 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਜਿਸ ਤੋਂ ਬਾਅਦ ਅਗਲੇ 15 ਦਿਨ ਹੁਣ ਕੇਜਰੀਵਾਲ ਦਾ ਟਿਕਾਣਾ ਦਿੱਲੀ ਦੀ ਤਿਹਾੜ ਜੇਲ੍ਹ ਹੋਵੇਗੀ ਪਰ ਇਸ ਸਭ ਵਿਚਾਲੇ ਵੱਡੀ ਖ਼ਬਰ ਇਹ ਹੈ ਕਿ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਉੱਤੇ ਚੁੱਪੀ ਵੱਟੀ ਰੱਖੀ ਹੈ ਉਹ ਵੀ ਹੁਣ ਕੇਜਰੀਵਾਲ ਦੇ ਹੱਕ ਵਿੱਚ ਕਿਤੇ ਨਾ ਕਿਤੇ ਖੜ੍ਹੇ ਜਾਪ ਰਹੇ ਹਨ।
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡਾ ਪੰਜਾਬ ਵਿੱਚ ਜੋ ਵੀ ਉਨ੍ਹਾਂ ਨਾਲ ਚੱਲਦਾ ਹੋਵੇ ਪਰ ਇਹ ਲੋਕਤੰਤਰ ਲਈ ਬਹੁਤ ਹੀ ਖ਼ਤਰਨਾਕ ਗੱਲ ਹੈ। ਅੰਗਰੇਜ਼ਾ ਨੇ ਵੀ ਕਦੇ ਇੰਝ ਨਹੀਂ ਕੀਤਾ ਜੋ ਹੁਣ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਇਹ ਦੇ ਬਹੁਤ ਮਾੜੇ ਸਿੱਟੇ ਸਾਹਮਣੇ ਆਉਣਗੇ।
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਕਰਨੀ ਹੈ ਤਾਂ ਉਸ ਦੀ ਸਮਾਂ ਸੀਮਾ ਹੁੰਦੀ ਹੈ, ਹੁਣ ਚੋਣ ਜ਼ਾਬਤਾ ਲੱਗ ਜਾਣ ਤੋਂ ਬਾਅਦ ਕਾਰਵਾਈ ਕਰਨਾ ਮਾੜੀ ਗੱਲ ਹੈ। ਵੜਿੰਗ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਨੂੰ ਚੋਣ ਲੜਨ ਦੇਣਾ ਚਾਹੀਦਾ ਹੈ ਤੇ ਬਾਅਦ ਵਿੱਚ ਜਾਂਚ ਕਰਦੇ ਰਹਿਣਾ, ਦੇਸ਼ ਦੇ ਲੋਕਾਂ ਨੂੰ ਲਗਦਾ ਹੈ ਕਿ ਤੁਸੀਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹੋ ਤੇ ਦੂਜੀਆਂ ਪਾਰਟੀਆਂ ਨੂੰ ਡਰਾ ਰਹੇ ਹੋ, ਤੁਸੀਂ ਜਾਂਚ ਕਰਦੇ ਰਹਿਣਾ ਕਿਸਨੇ ਰੋਕਿਆ ਹੈ ਪਰ ਹੁਣ ਨਿਰਪੱਖ ਚੋਣ ਹੋ ਲੈਣ ਦਿਓ।