ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਕਰੋੜਾਂ ਰੁਪਏ ਦੇ ਦਿੱਤੇ ਜਾ ਰਹੇ ਇਸ਼ਤਿਹਾਰਾਂ ਉੱਪਰ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਦਿੱਲੀ ਤੋਂ ਨਹੀਂ ਤਾਂ ਪੰਜਾਬ ਤੋਂ ਭਗਵੰਤ ਮਾਨ ਜੀ 20-30 ਕਰੋੜ ਦਾ ਇਸ਼ਤਿਹਾਰ ਦੇ ਦੇਣਗੇ। ਇੱਥੇ ਇੰਨਾ ਇਸ਼ਤਿਹਰ 5-10 ਦਿਨਾਂ ਵਿੱਚ ਆਮ ਗੱਲ ਹੈ।
ਦਰਅਸਲ ਪਰਗਟ ਸਿੰਘ ਨੇ ਇਹ ਗੱਲ ਅਸ਼ੋਕ ਕੁਮਾਰ ਪਾਂਡੇ ਦੀ ਟਵੀਟ ਉੱਪਰ ਰੀ-ਟਵੀਟ ਕਰਦਿਆਂ ਕਹੀ। ਅਸ਼ੋਕ ਕੁਮਾਰ ਪਾਂਡੇ ਨੇ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਵੀ ਸ਼ੁਮਾਰ ਹੋਣ ਦੀ ਰਿਪੋਰਟ ਟਵੀਟ ਕਰਦਿਆਂ ਲਿਖਿਆ ਕਿ ਆਖ਼ਰਕਾਰ, ਦਿੱਲੀ ਨੂੰ ਪ੍ਰਦੂਸ਼ਣ ਵਿੱਚ ਦੁਨੀਆ ਵਿੱਚ ਨੰਬਰ ਇੱਕ ਬਣਾ ਹੀ ਦਿੱਤਾ ਗਿਆ ਹੈ। ਇਸ ਲਈ ਵੀ ਦੋ-ਚਾਰ ਕਰੋੜ ਰੁਪਏ ਦਾ ਇਸ਼ਤਿਹਾਰ ਬਣਦਾ ਹੀ ਨਾ?
ਦਰਅਸਲ ਭਾਰਤ ਦੇ 18 ਸ਼ਹਿਰ ਦੁਨੀਆ ਦੇ ਉਨ੍ਹਾਂ 20 ਸ਼ਹਿਰਾਂ ਵਿੱਚ ਸ਼ਾਮਲ ਹਨ ਜਿੱਥੇ 2010 ਤੋਂ ਲੈ ਕੇ 2019 ਤੱਕ ਹਵਾ ਪ੍ਰਦੂਸ਼ਣ (ਪੀਐਮ 2.5) ਦਾ ਪੱਧਰ ਸਭ ਤੋਂ ਵੱਧ ਰਿਹਾ ਹੈ। ‘ਪੀਐਮ2.5’ ਹਵਾ ’ਚ ਪ੍ਰਦੂਸ਼ਣ ਫੈਲਾਉਣ ਵਾਲੇ ਕਣ ਹੁੰਦੇ ਹਨ। ਅਮਰੀਕਾ ਦੇ ਖੋਜ ਸੰਗਠਨ ‘ਹੈਲਥ ਇਫੈਕਟਸ ਇੰਸਟੀਚਿਊਟ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਦਿੱਲੀ ਵਿਚ ਹਵਾ ਪ੍ਰਦੂਸ਼ਣ ਫੈਲਾਉਣ ਵਾਲੇ ਕਣਾਂ ਦਾ ਪੱਧਰ ਭਾਰਤ ਵਿਚ ਸਭ ਤੋਂ ਵੱਧ ਹੈ। ਇਸ ਅਧਿਐਨ ਵਿਚ 2010-19 ਤੱਕ ਦੇ ਅੰਕੜੇ ਸ਼ਾਮਲ ਕੀਤੇ ਗਏ ਹਨ। ਇਸ ਅਧਿਐਨ ਵਿਚ ਦੋ ਪ੍ਰਦੂਸ਼ਕਾਂ-ਪੀਐਮ2.5 ਤੇ ਨਾਈਟ੍ਰੋਜਨ ਡਾਇਆਕਸਾਈਡ ਨੂੰ ਸ਼ਾਮਲ ਕੀਤਾ ਗਿਆ ਹੈ।
ਰਿਪੋਰਟ ਹਵਾ ਦੀ ਗੁਣਵੱਤਾ ਦੇ ਜ਼ਮੀਨੀ ਅੰਕੜਿਆਂ ਤੇ ਸੈਟੇਲਾਈਟ ਤੇ ਮਾਡਲਾਂ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਰਿਪੋਰਟ ਲਿਖਣ ਵਾਲਿਆਂ ਮੁਤਾਬਕ 2019 ਵਿਚ 17 ਲੱਖ ਮੌਤਾਂ ਪੀਐਮ2.5 ਹਵਾ ਪ੍ਰਦੂਸ਼ਣ ਕਾਰਨ ਹੋਈਆਂ ਹਨ। ਇਸ ਅਧਿਐਨ ਵਿਚ 7,239 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਏਸ਼ੀਆ, ਅਫ਼ਰੀਕਾ ਤੇ ਯੂਰਪੀ ਮੁਲਕਾਂ ਵਿਚ ਪ੍ਰਦੂਸ਼ਣ ਦੇ ਸਿਹਤ ਉਤੇ ਪੈਣ ਵਾਲੇ ਮਾੜੇ ਅਸਰ ਦੇਖੇ ਗਏ ਹਨ।
ਖੇਤਰ ਦੇ ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਦਿੱਲੀ ਤੇ ਕੋਲਕਾਤਾ ਸ਼ਾਮਲ ਹਨ। ਹਵਾ ਪ੍ਰਦੂਸ਼ਣ ਦੇ ਮਾਮਲੇ ਵਿਚ ਇਹ ਸਿਖ਼ਰਲੇ ਦਸ ਸ਼ਹਿਰਾਂ ਵਿਚ ਸ਼ਾਮਲ ਹਨ। ਭਾਰਤ ਤੇ ਇੰਡੋਨੇਸ਼ੀਆ ਵਿੱਚ ਪੀਐਮ2.5 ਪ੍ਰਦੂਸ਼ਣ ਵਿੱਚ ਸਭ ਤੋਂ ਵੱਧ ਮਿਲਿਆ ਹੈ ਜਦਕਿ ਚੀਨ ਨੇ ਕਾਫ਼ੀ ਸੁਧਾਰ ਦਰਜ ਕੀਤਾ ਹੈ।