ਰੌਬਟ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਆਪਣੀ ਹੀ ਸਰਕਾਰ ਵਿੱਰੁਧ ਜੰਮ ਕੇ ਭੜਾਸ ਕੱਢੀ। ਵੜਿੰਗ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਸ਼ਰਮਿੰਦਾ ਮਹਿਸੂਸ ਕਰਦੇ ਹਨ ਜਦੋਂ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਪਾਰਟੀ ਨੇ ਰਾਜ ਵਿੱਚ ਸ਼ਰਾਬ ਤੇ ਰੇਤ ਮਾਫੀਆ ਨੂੰ ਖ਼ਤਮ ਕਿਉਂ ਨਹੀਂ ਕੀਤਾ।

2020-21 ਦੇ ਬਜਟ ਪ੍ਰਸਤਾਵਾਂ 'ਤੇ ਵਿਚਾਰ ਵਟਾਂਦਰੇ ਦੌਰਾਨ ਬੋਲਦੇ ਹੋਏ, ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਏ ਹੋਏ ਤਿੰਨ ਸਾਲ ਹੋ ਗਏ ਹਨ, ਪਰ ਅਜੇ ਤੱਕ ਕੋਈ ਟ੍ਰਾਂਸਪੋਰਟ ਨੀਤੀ ਦਾ ਸੰਕੇਤ ਨਹੀਂ ਮਿਲਿਆ ਜੋ ਟਰਾਂਸਪੋਰਟ ਮਾਫੀਆ ਨੂੰ ਖਤਮ ਕਰ ਦੇਵੇ। ਵੜਿੰਗ ਨੂੰ ਹਾਲ ਹੀ ਵਿੱਚ ਮੁੱਖ ਮੰਤਰੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਉਸ ਦੇ ਨਾਲ ਪੰਜ ਹੋਰ ਵਿਧਾਇਕਾਂ ਦੀ ਨਿਯੁਕਤੀ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਮਨਜ਼ੂਰ ਨਹੀਂ ਕੀਤਾ ਸੀ।

ਵੜਿੰਗ ਨੇ ਕਿਹਾ ਕਿ ਇਹ ਵੀ ਅਜੀਬ ਗੱਲ ਹੈ ਕਿ ਪੰਜਾਬ ਵਿੱਚ ਆਬਕਾਰੀ ਕੁਲੈਕਸ਼ਨ ਵਿੱਚ 600 ਕਰੋੜ ਰੁਪਏ ਘੱਟ ਹੋਏ ਹਨ। ਉਨ੍ਹਾਂ ਨੇ ਕਿਹਾ, “ਲੋਕ ਸਾਨੂੰ ਪੁੱਛਦੇ ਹਨ ਕਿ ਪੰਜਾਬ ਵਿੱਚ ਸ਼ਰਾਬ ਸਭ ਤੋਂ ਮਹਿੰਗੀ ਕਿਵੇਂ ਹੈ, ਪਰ ਆਬਕਾਰੀ ਕੁਲੈਕਸ਼ਨ ਘਟ ਰਹੀ ਹੈ? ਉਨ੍ਹਾਂ ਦੱਸਿਆ ਕਿ ਇਹ ਇਸ ਲਈ ਹੈ ਕਿਉਂਕਿ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਅਧਿਕਾਰੀ ਜਵਾਬਦੇਹ ਨਹੀਂ ਹਨ।



ਰਾਜ ਵਿੱਚ ਡਿਸਟਿਲਰੀਆਂ ਹਰ ਅੱਠ ਟਰੱਕਾਂ ਵਿੱਚੋਂ ਦੋ ਟਰੱਕਾਂ 'ਤੇ ਟੈਕਸ ਅਦਾ ਕੀਤੇ ਬਿਨਾਂ ਸ਼ਰਾਬ ਵੇਚ ਰਹੀਆਂ ਹਨ। ਇਹ ਇਸ ਲਈ ਕਿਉਂਕਿ ਇਥੇ ਅਧਿਕਾਰੀ ਕੁਝ ਨਹੀਂ ਕਰਦੇ। ਇਥੋਂ ਤਕ ਕਿ ਮੁੱਖ ਸਕੱਤਰ ਸਾਰੀਆਂ ਫਾਈਲਾਂ 'ਤੇ ਇਤਰਾਜ਼ ਜਤਾਉਣ ਤੋਂ ਇਲਾਵਾ ਕੁਝ ਵੀ ਨਹੀਂ ਕਰਦੇ। ਵੜਿੰਗ ਨੇ ਕਿਹਾ ਕਿ “ਤੁਸੀਂ ਪੰਜਾਬ ਦੇ ਬੱਬਰ ਸ਼ੇਰ ਹੋ। ਮੈਂ ਤੁਹਾਨੂੰ ਸਾਰੇ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਤਾਕੀਦ ਕਰਦਾ ਹਾਂ। ”