ਚੰਡੀਗੜ੍ਹ: ਕਾਂਗਰਸ ਦੀ ਰਾਏਬਰੇਲੀ ਤੋਂ ਵਿਧਾਇਕ ਤੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਪਾਰਟੀ ਛੱਡ ਬੀਜੇਪੀ 'ਚ ਸ਼ਾਮਲ ਹੋ ਗਈ ਹੈ। ਅਦਿਤੀ ਨੇ ਬੀਜੇਪੀ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਇਹ ਕਦਮ ਉਠਾਇਆ ਹੈ।

ਅਦਿਤੀ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਕੁਝ ਫੋਟੋਆਂ ਸ਼ੇਅਰ ਕਰ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਲੋਕ ਭਲਾਈ ਨੀਤੀਆਂ ਪ੍ਰਤੀ ਵਚਨਬੱਧ, ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਨੂੰ ਸਭ ਤੋਂ ਉੱਚਾ ਸਥਾਨ ਦੇਣ ਵਾਲੀ ਲੋਕਤੰਤਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਮੈਂ ਮੈਂਬਰਸ਼ਿਪ ਲੈ ਲਈ ਹੈ। ਮੈਨੂੰ ਪੂਰਾ ਵਿਸ਼ਵਾਸ ਤੇ ਉਮੀਦ ਹੈ ਕਿ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਰਾਜ ਦੇ ਸਫਲ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਮਾਰਗ ਦਰਸ਼ਨ ਤੇ ਕੁਸ਼ਲ ਅਗਵਾਈ ‘ਚ ਮੈਂ ਸਰਬਪੱਖੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ‘ਚ ਕਾਮਯਾਬ ਹੋਵਾਂਗੀ।

ਦੱਸ ਦਈਏ ਕਿ ਰਾਏਬਰੇਲੀ ਤੋਂ ਵਿਧਾਇਕ ਤੇ ਪੰਜਾਬ ਦੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ। ਹੁਣ ਪਤਨੀ ਦੇ ਬੀਜੇਪੀ ਵਿੱਚ ਜਾਣ ਨਾਲ ਅੰਗਦ ਸਿੰਘ ਬਾਰੇ ਵੀ ਸਵਾਲ ਉੱਠਣ ਲੱਗੇ ਹਨ। ਇਸ ਵੇਲੇ ਕਾਂਗਰਸ ਦੇ ਕਈ ਲੀਡਰ ਪਾਰਟੀ ਛੱਡ ਬੀਜੇਪੀ ਤੇ ਹੋਰ ਪਾਰਟੀਆਂ ਵਿੱਚ ਜਾ ਰਹੇ ਹਨ।

ਅਦਿਤੀ ਸਿੰਘ ਦਾ ਜਨਮ 15 ਨਵੰਬਰ, 1987 ਨੂੰ ਲਖਨਊ ਵਿੱਚ ਹੋਇਆ ਸੀ। ਦਰਅਸਲ, ਅਦਿਤੀ ਸਿੰਘ ਦੇ ਪਿਤਾ ਨੂੰ ਇੱਕ ਦਿੱਗਜ ਕਾਂਗਰਸੀ ਨੇਤਾ ਮੰਨਿਆ ਜਾਂਦਾ ਸੀ ਤੇ ਬਾਹੂਬਲੀ ਵਜੋਂ ਵੀ ਜਾਣਿਆ ਜਾਂਦਾ ਸੀ। ਅਦਿਤੀ ਦੇ ਪਿਤਾ ਅਖਿਲੇਸ਼ ਸਿੰਘ ਦਾ ਅਗਸਤ 2019 ਵਿੱਚ ਦੇਹਾਂਤ ਹੋ ਗਿਆ ਸੀ। ਅਖਿਲੇਸ਼ ਰਾਏਬਰੇਲੀ ਸਦਰ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਰਾਏਬਰੇਲੀ ਵਿੱਚ ਉਨ੍ਹਾਂ ਦੀ ਚੰਗੀ ਪੈਂਠ ਸੀ ਤੇ ਗਾਂਧੀ ਪਰਿਵਾਰ ਨਾਲ ਵੀ ਉਨ੍ਹਾਂ ਦੀ ਨੇੜਤਾ ਸੀ।