Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਣ ਨੂੰ ਮਹਿਜ਼ ਪਬਲੀਸਿਟੀ ਸਟੰਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ ਵਾਂਗ ਹੈ, ਕਿਉਂਕਿ ਸਰਕਾਰ ਪਹਿਲਾਂ ਤੋਂ ਉਪਲਬਧ ਸਿਹਤ ਸਹੂਲਤਾਂ ਦਾ ਨਾਮ ਬਦਲ ਰਹੀ ਹੈ।
ਇਸ ਤੋਂ ਇਲਾਵਾ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਕਲੀਨਿਕ ਹੈਲਥ ਕਲੀਨਿਕਾਂ ਨਾਲੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਅਤੇ ਐਕਸਟੈਂਸ਼ਨ ਕਾਊਂਟਰ ਵੱਧ ਜਾਪਦੇ ਹਨ।
ਪੰਜਾਬ ਵਿੱਚ ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ‘ਤੇ ਪ੍ਰਤੀਕਰਮ ਦਿੰਦਿਆਂ, ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਤੋਂ ਮੌਜੂਦ ਸਿਹਤ ਸਹੂਲਤਾਂ ਨੂੰ ਸਿਰਫ਼ ‘ਆਮ ਆਦਮੀ ਕਲੀਨਿਕਾਂ’ ਦਾ ਨਾਂ ਦੇ ਰਹੀ ਹੈ, ਜਿਸ ਪਿੱਛੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਵੱਧ ਸਿਆਸੀ ਲਾਹਾ ਲੈਣ ਦਾ ਮਨੋਰਥ ਲੁਕਿਆ ਹੋਇਆ ਹੈ।
ਵੜਿੰਗ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵਧਾਉਣ ਦੀ ਦੌੜ ਵਿੱਚ ‘ਆਪ’ ਸਰਕਾਰ ਨੇ ਵੱਖ-ਵੱਖ ਕੇਂਦਰਾਂ ਦੇ ਇਤਿਹਾਸਕ ਅਤੇ ਧਾਰਮਿਕ ਨਾਵਾਂ ਨੂੰ ਵੀ ਬਦਲ ਦਿੱਤਾ ਹੈ, ਜਿਸ ਵਿੱਚ ਇੱਕ ਅੰਮ੍ਰਿਤਸਰ ਦਾ ਵੀ ਸ਼ਾਮਲ ਹੈ, ਜਿਸਦਾ ਨਾਂ ਪੰਜ ਪਿਆਰਿਆਂ ਦੇ ਨਾਂ ‘ਤੇ ਰੱਖਿਆ ਗਿਆ ਸੀ।
ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਕਲੀਨਿਕਾਂ ਦਾ ਨਾਂ ‘ਸਰਕਾਰੀ ਕਲੀਨਿਕ’ ਕਿਉਂ ਨਹੀਂ ਰੱਖਿਆ ਗਿਆ ਅਤੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਆਮ ਆਦਮੀ ਕਲੀਨਿਕ ਦਾ ਨਾਂ ਕਿਉਂ ਦਿੱਤਾ ਗਿਆ ਹੈ।
ਉਨ੍ਹਾਂ ਪੁੱਛਿਆ ਕਿ ਇਨ੍ਹਾਂ ਦਾ ਭੁਗਤਾਨ ਕੌਣ ਕਰ ਰਿਹਾ ਹੈ, ਸਰਕਾਰ ਜਾਂ ਆਪ? ਇਨ੍ਹਾਂ ਕਲੀਨਿਕਾਂ ਦਾ ਨਾਮ ਬਦਲਿਆ ਜਾਣਾ ਚਾਹੀਦਾ ਹੈ। ਇਸ ਸਬੰਧੀ ਉਨ੍ਹਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਵੱਲ ਵੀ ਇਸ਼ਾਰਾ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅਜਿਹੇ ਕਲੀਨਿਕ ਖੋਲ੍ਹਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਪੰਜਾਬ ਕੋਲ ਪਹਿਲਾਂ ਹੀ ਵਧੀਆ ਸਿਹਤ ਪ੍ਰਣਾਲੀ ਹੈ, ਜਿਸਦੀ ਪੁਸ਼ਟੀ ਸਰਕਾਰ ਨੇ ਖੁਦ ਮੌਜੂਦਾ ਸਿਹਤ ਸਹੂਲਤਾਂ ਦਾ ਨਾਂ ਬਦਲ ਕੇ ਕਰ ਦਿੱਤੀ ਹੈ ਅਤੇ ਇਨ੍ਹਾਂ ‘ਤੇ ਥੋਪਿਆ ਗਿਆ ਪਾਰਟੀ ਦਾ ਨਾਂ, ਇੱਕ ਗੈਰ-ਕਾਨੂੰਨੀ ਕੰਮ ਹੈ। ਅਜਿਹਾ ਕਰਕੇ ਇਹ ਸਿਰਫ ਆਪਣੀ ਪਾਰਟੀ ਦਾ ਨਾਂ ਪ੍ਰਮੋਟ ਕਰਨ ਅਤੇ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: Punjab 'ਚ AAP ਦੀ ਵੱਡੀ ਸੌਗਾਤ, 400 ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ