ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Harish Rawat: ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਲੀ ਲੜਾਈ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਇਕਾਈ ਦੀ ਕਮਾਨ ਨਵਜੋਤ ਸਿੱਧੂ ਨੂੰ ਸੌਂਪੇ ਜਾਣ ਤੋਂ ਬਾਅਦ ਪਾਰਟੀ ਵਿੱਚ ਚੱਲ ਰਹੀ ਖਿੱਚੋਤਾਣ ਹੋਰ ਵਧ ਗਈ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਵਜੋਤ ਸਿੱਧੂ ਨਾਲ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਕੁਲਜੀਤ ਸਿੰਘ ਨਾਗਰਾ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਮੌਜੂਦ ਸੀ।
ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਤੇ ਹਰੀਸ਼ ਰਾਵਤ ਦਰਮਿਆਨ ਮੁਲਾਕਾਤ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੋਵਾਂ ਵਿਚਕਾਰ ਕਾਂਗਰਸ ਦੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਗਈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਨਵਜੋਤ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲੇ ਕਰ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੀ ਕਈ ਮੌਕਿਆਂ 'ਤੇ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਇਨ੍ਹਾਂ ਦੋ ਪ੍ਰਮੁੱਖ ਨੇਤਾਵਾਂ ਦੇ ਰਵੱਈਏ ਨਾਲ ਪੰਜਾਬ ਵਿੱਚ ਪਾਰਟੀ ਦਾ ਬਹੁਤ ਨੁਕਸਾਨ ਹੋ ਸਕਦਾ ਹੈ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਵਿੱਚ ਥੋੜ੍ਹਾ ਜਿਹਾ ਵਿਵਾਦ ਹੈ। ਇਸ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਆਉਣਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਗਰੁੱਪ ਨਹੀਂ ਤੇ ਕਾਂਗਰਸ ਸੂਬੇ ਦੇ ਅੰਦਰ ਪੂਰੀ ਤਰ੍ਹਾਂ ਇਕਜੁੱਟ ਹੈ। ਹਰੀਸ਼ ਰਾਵਤ ਨੇ ਕਿਹਾ ਕਿ ਜਲਦੀ ਹੀ ਸਾਰੀਆਂ ਧਿਰਾਂ ਨੂੰ ਮਿਲ ਕੇ ਉਨ੍ਹਾਂ ਦੇ ਵਿਚਾਰ ਸੁਣੇ ਜਾਣਗੇ ਤੇ ਹਰ ਕਿਸੇ ਦੀ ਰਾਏ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਸਿੱਧੂ ਖੇਮੇ ਦੇ ਮੰਤਰੀਆਂ ਨੇ ਮੁੜ ਪੰਜਾਬ ਵਿੱਚ ਲੀਡਰਸ਼ਿਪ ਬਦਲਣ ਦੀ ਮੰਗ ਚੁੱਕ ਲਈ ਹੈ। ਇਸ 'ਤੇ ਰਾਵਤ ਨੇ ਸਪੱਸ਼ਟ ਕਿਹਾ ਕਿ ਇਹ ਬਦਲਾਅ ਦਾ ਸਮਾਂ ਨਹੀਂ ਹੈ, ਇਹ ਸੰਗਠਨ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ। ਹਾਲ ਹੀ ਵਿੱਚ ਸਿੱਧੂ ਖੇਮੇ ਵੱਲੋਂ ਪੰਜਾਬ ਵਿੱਚ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ।
ਅੱਜ ਕੈਪਟਨ ਨੂੰ ਮਿਲਣਗੇ ਰਾਵਤ
ਸਿੱਧੂ ਨੂੰ ਮਿਲਣ ਤੋਂ ਬਾਅਦ ਪੰਜਾਬ ਇੰਚਾਰਜ ਹਰੀਸ਼ ਰਾਵਤ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ। ਰਾਵਤ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਮੁੱਖ ਮੰਤਰੀ ਨੂੰ ਮਿਲਣਗੇ। ਕੈਬਨਿਟ ਤਬਦੀਲੀ ਬਾਰੇ ਉਨ੍ਹਾਂ ਕਿਹਾ ਕਿ ਇਸ ਵੇਲੇ ਇਸ ਦੀ ਲੋੜ ਨਹੀਂ ਹੈ, ਹਾਂ, ਫੈਸਲਾ ਉਦੋਂ ਹੀ ਲਿਆ ਜਾਵੇਗਾ ਜਦੋਂ ਇਸ ਦੀ ਜ਼ਰੂਰਤ ਹੋਏਗੀ।
ਇਹ ਵੀ ਪੜ੍ਹੋ: Congress: ਕਾਂਗਰਸ 'ਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ 'ਤੇ ਬਾਗੀ ਸੁਰ, ਸਿੱਬਲ ਦੇ ਘਰ ਮੀਟਿੰਗ 'ਚ ਰਣਨੀਤੀ ਤਿਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904