ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਵਧਦਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਵੱਡਾ ਧਮਾਕਾ ਕਰ ਸਕਦੇ ਹਨ ਕਿਉਂਕਿ ਹਾਈਕਮਾਨ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਈ ਰੁਚੀ ਨਹੀਂ ਵਿਖਾਈ। ਉਲਟਾ ਹਾਈਕਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਕੈਪਟਨ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਗੈਰ-ਤਜਰਬੇਕਾਰ ਦੱਸਣ ਮਗਰੋਂ ਹਾਈਕਮਾਨ ਨੇ ਸਖਤ ਨੋਟਿਸ ਲਿਆ ਹੈ। ਕਾਂਗਰਸ ਦੀ ਕੌਮੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕੈਪਟਨ ਦੇ ਬਿਆਨ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ,‘‘ਸਿਆਸਤ ਵਿੱਚ ਗੁੱਸੇ ਤੇ ਈਰਖਾ ਦੀ ਕੋਈ ਜਗ੍ਹਾ ਨਹੀਂ ਹੁੰਦੀ। ਜੇਕਰ ਕੈਪਟਨ ਅਮਰਿੰਦਰ ਸਿੰਘ ਪਾਰਟੀ ਛੱਡਣਾ ਚਾਹੁੰਦੇ ਹਨ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹੀ ਕੈਪਟਨ ਨੂੰ ਸਾਢੇ ਨੌਂ ਸਾਲ ਮੁੱਖ ਮੰਤਰੀ ਬਣਾਇਆ ਤੇ ਉਮੀਦ ਕਰਦੇ ਹਨ ਕਿ ਉਹ ਆਪਣੀਆਂ ਟਿੱਪਣੀਆਂ ’ਤੇ ਮੁੜ ਗੌਰ ਕਰਨਗੇ।
ਹਾਈਕਮਾਨ ਦੇ ਸਖਤੀ ਟਿੱਪਣੀ ਮਗਰੋਂ ਕੈਪਟਨ ਵੀ ਤੈਸ਼ ਵਿੱਚ ਆ ਗਏ ਤੇ ਹਾਈਕਮਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਕੈਪਟਨ ਨੇ ਆਪਣੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਜ਼ਰੀਏ ਟਵੀਟ ਕਰਕੇ ਕਿਹਾ,‘‘ਹਾਂ, ਰਾਜਨੀਤੀ ਵਿੱਚ ਗੁੱਸੇ ਲਈ ਕੋਈ ਥਾਂ ਨਹੀਂ ਪਰ ਕਾਂਗਰਸ ਵਰਗੀ ਪੁਰਾਣੀ ਪਾਰਟੀ ’ਚ ਅਪਮਾਨ ਲਈ ਥਾਂ ਹੈ? ਜੇ ਮੇਰੇ ਵਰਗੇ ਸੀਨੀਅਰ ਆਗੂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਸਕਦਾ ਹੈ ਤਾਂ ਮੈਂ ਸੋਚਦਾਂ ਹਾਂ ਕਿ ਵਰਕਰਾਂ ਨਾਲ ਕੀ ਹੁੰਦਾ ਹੋਵੇਗਾ।’’
ਹਾਈਕਮਾਨ ਤੇ ਕੈਪਟਨ ਦੇ ਤੇਵਰਾਂ ਨੂੰ ਵੇਖ ਲੱਗ ਰਿਹਾ ਹੈ ਕਿ ਕਾਂਗਰਸ ਦਾ ਕਲੇਸ਼ ਹੋਰ ਵਧੇਗਾ। ਕੈਪਟਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਕੋਲ ਸਾਰੇ ਬਦਲ ਖੁੱਲ੍ਹੇ ਹਨ। ਉਹ ਅਜੇ ਸਿਆਸਤ ਵਿੱਚ ਸਰਗਰਮ ਰਹਿਣਗੇ ਤੇ ਆਪਣੇ ਹਮਾਇਤੀਆਂ ਨਾਲ ਸਲਾਹ ਕਰਕੇ ਅਗਲਾ ਫੈਸਲਾ ਲੈਣਗੇ। ਇਸ ਦੇ ਨਾਲ ਹੀ ਕੈਪਟਨ ਐਲਾਨ ਕਰ ਚੁੱਕੇ ਹਨ ਕਿ ਨਵਜੋਤ ਸਿੱਧੂ ਨੂੰ ਰੋਕਣ ਲਈ ਉਨ੍ਹਾਂ ਖਿਲਾਫ ਤਕੜਾ ਉਮੀਦਵਾਰ ਮੈਦਾਨ ਵਿੱਚ ਉਤਾਰਣਗੇ।
ਇਹ ਵੀ ਪੜ੍ਹੋ: Navjot Singh Sidhu: ਸਿੱਧੂ ਨੂੰ ਇੱਕ ਹੋਰ ਝਟਕਾ, ਮਾਲੀ ਤੋਂ ਬਾਅਦ ਇਸ ਸਲਾਹਕਾਰ ਨੇ ਵੀ ਦਿੱਤਾ ਅਸਤੀਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin