ਚੰਡੀਗੜ੍ਹ: ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਬਾਰੇ ਹਾਈਕਮਾਨ ਨੂੰ ਕੋਈ ਚਿੱਠੀ ਨਹੀਂ ਲਿਖੀ। ਪੱਤਰਕਾਰਾਂ ਨੇ ਇਸ ਬਾਰੇ ਸਵਾਲ ਕੀਤਾ ਤਾਂ ਰੰਧਾਵਾ ਨੇ ਇਸ ਖ਼ਬਰ ਨੂੰ ਸਿਰੇ ਤੋਂ ਖਾਰਜ ਕਰਦਿਆਂ ਮੀਡੀਆ 'ਤੇ ਹੀ ਸਵਾਲੀਆ ਨਿਸ਼ਾਨ ਚੁੱਕ ਦਿੱਤੇ।


ਭੜਕੇ ਅੰਦਾਜ਼ 'ਚ ਉਨ੍ਹਾਂ ਕਿਹਾ ਕਿ ਜੋ ਸਵਾਲ ਤੁਸੀਂ ਪੁੱਛ ਰਹੇ ਹੋ, ਹੁਣ ਤਾਂ ਮੈਨੂੰ ਪੱਤਰਕਾਰੀ 'ਤੇ ਵੀ ਅਫਸੋਸ ਹੋਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿੱਠੀਆਂ ਦੀ ਗੱਲ ਤੁਸੀਂ ਕਰ ਰਹੇ ਹੋ ਮੇਰਾ ਖਿਆਲ ਹੈ ਕਿ ਤੁਸੀਂ ਪੰਜਾਬ ਦੀ ਸਿਆਸਤ ਨੂੰ ਇੰਨਾ ਗੰਦਾ ਨਾ ਕਰੋ ਤੇ ਸਿਆਸੀ ਲੋਕਾਂ ਨੂੰ ਜਨਤਾ 'ਚ ਬਦਨਾਮ ਨਾ ਕਰੋ।


ਆਪਣੀ ਗੱਲ ਨੂੰ ਅੱਗੇ ਤੋਰਦਿਆਂ ਰੰਧਾਵਾ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਉਸ ਨੇ ਹੀ ਲੋਕਤੰਤਰ ਨੂੰ ਖ਼ਤਰੇ 'ਚ ਪਾ ਦਿੱਤਾ।


ਵੇਖੋ ਵੀਡੀਓ:


 


ਦੱਸ ਦਈਏ ਕਿ ਖ਼ਬਰ ਆਈ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ 80 ਵਿੱਚੋਂ 40 ਵਿਧਾਇਕਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖੀ ਹੈ। ਵਿਧਾਇਕਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਛੇਤੀ ਤੋਂ ਛੇਤੀ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੋ ਕੇਂਦਰੀ ਆਬਜ਼ਰਵਰ ਵੀ ਇਸ ਬੈਠਕ ਵਿੱਚ ਭੇਜੇ ਜਾਣੇ ਚਾਹੀਦੇ ਹਨ। ਵਿਧਾਇਕ ਆਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖਣਗੇ।


ਸੂਤਰਾਂ ਅਨੁਸਾਰ ਬੁੱਧਵਾਰ ਸ਼ਾਮ ਕਾਂਗਰਸ ਦੇ ਸੂਬਾ ਜਨਰਲ ਸਕੱਤਰ (ਸੰਗਠਨਪ੍ਰਗਟ ਸਿੰਘ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ਗਾਹ 'ਤੇ ਨੇਤਾਵਾਂ ਵਿਚਕਾਰ ਗੱਲਬਾਤ ਦਾ ਦੌਰ ਚੱਲਿਆ। ਮੀਟਿੰਗ ਵਿੱਚ ਸ਼ਾਮਲ ਹੋਏ ਵਿਧਾਇਕਾਂ ਨੇ ਮੁੱਖ ਮੰਤਰੀ ਪ੍ਰਤੀ ਬੇਭਰੋਸਗੀ ਪ੍ਰਗਟਾਈ ਹੈ।


ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ਗਾਹ 'ਤੇ ਅਜਿਹੀ ਹੀ ਮੀਟਿੰਗ ਹੋਈ ਸੀ। ਇਸ ਵਿੱਚ ਚਾਰ ਮੰਤਰੀਆਂ ਸਮੇਤ 20 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੇਵਿਸਾਹੀ ਪ੍ਰਗਟ ਕੀਤੀ ਸੀ। ਇੱਥੋਂ ਤੱਕ ਕਿ ਚਾਰ ਮੰਤਰੀ ਤੇ ਕੁਝ ਵਿਧਾਇਕ ਦੇਹਰਾਦੂਨ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲ ਕਰਨ ਲਈ ਗਏ ਤੇ ਫਿਰ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਗਏ।


ਇਹ ਵੀ ਪੜ੍ਹੋ: Punjab Congress Clash: ਕੈਪਟਨ ਖਿਲਾਫ ਮੁੜ ਬਗਾਵਤ! 40 ਵਿਧਾਇਕਾਂ ਨੇ ਭੇਜੀ ਹਾਈਕਮਾਂਡ ਨੂੰ ਚਿੱਠੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904