ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਬਾਰੇ ਅਜੇ ਤਸਵੀਰ ਸਾਫ ਨਹੀਂ ਹੋ ਰਹੀ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੇ ਯੂਪੀਏ ਦੇ ਲੀਡਰਾਂ ਤੋਂ ਇਲਾਵਾ ਹੁਣ ਸੂਬਾਈ ਕਾਂਗਰਸ ਇਕਾਈਆਂ ਵੱਲੋਂ ਵੀ ਰਾਹੁਲ ਗਾਂਧੀ ਦੇ ਅਸਤੀਫੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ।

ਪੰਜਾਬ ਕਾਂਗਰਸ ਨੇ ਰਾਹੁਲ ਦੀ ਅਗਵਾਈ ਵਿੱਚ ਸਰਬਸੰਮਤੀ ਨਾਲ ਵਿਸ਼ਵਾਸ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਪਾਰਟੀ ਦੀ ਅਗਵਾਈ ਕਰਦੇ ਰਹਿਣ ਦੀ ਅਪੀਲ ਕੀਤੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮਤਾ ਪੇਸ਼ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦਾ ਕਾਰਨ ਰਾਹੁਲ ਗਾਂਧੀ ਦੀਆਂ ਕੋਸ਼ਿਸ਼ਾਂ ਵਿੱਚ ਕਮੀ ਨਹੀਂ, ਸਗੋਂ ਭਾਜਪਾ ਦੇ ਰਾਸ਼ਟਰਵਾਦ ਦੇ ਬ੍ਰਾਂਡ ਦਾ ਨਤੀਜਾ ਹੈ।

ਇਸ ਮਤੇ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ ਸਮੇਤ ਪੰਜਾਬ ਕਾਂਗਰਸ ਵਿਧਾਇਕ ਪਾਰਟੀ (ਸੀਐਲਪੀ) ਅਤੇ ਸੂਬੇ ਤੋਂ ਲੋਕ ਸਭਾ ਲਈ ਨਵੇਂ ਚੁਣੇ ਗਏ ਮੈਂਬਰਾਂ ਨੇ ਪਾਸ ਕੀਤਾ।