ਪੇਸ਼ਕਸ਼: ਰਮਨਦੀਪ ਕੌਰ


ਪੰਜਾਬੀ ਸੱਭਿਆਚਾਰ 'ਚ ਵਿਆਹ ਨਾਲ ਸਬੰਧਤ ਲੋਕ ਗੀਤਾਂ ਦੀਆਂ ਕਈ ਕਿਸਮਾਂ ਹਨ। ਇਨਾਂ 'ਚੋਂ ਮੁੱਖ ਤੌਰ 'ਤੇ ਘੋੜੀਆਂ ਤੇ ਸੁਹਾਗ ਦੋ ਤਰ੍ਹਾਂ ਦੇ ਗੀਤ ਹਨ। ਘੋੜੀਆਂ ਮੁੰਡੇ ਦੇ ਵਿਆਹ 'ਚ ਗਾਏ ਜਾਣ ਵਾਲੇ ਗੀਤ ਹੁੰਦੇ ਹਨ। ਦੂਜੇ ਪਾਸੇ ਸੁਹਾਗ ਵਿਆਹ ਵਾਲੀ ਕੁੜੀ ਦੇ ਘਰ ਗਾਉਣ ਵਾਲੇ ਗੀਤਾਂ ਨੂੰ ਕਹਿੰਦੇ ਹਨ।


ਪੁਰਾਣੇ ਸਮਿਆਂ 'ਚ ਵਿਆਹ ਤੋਂ 11 ਦਿਨ, 7 ਦਿਨ ਜਾਂ ਪੰਜ ਦਿਨ ਪਹਿਲਾਂ ਗਾਉਣ ਬਿਠਾਇਆ ਜਾਂਦਾ ਸੀ। ਘੋੜੀਆਂ ਤੇ ਸੁਹਾਗ ਔਰਤਾਂ ਜੋਟੇ ਬਣਾ ਕੇ ਜਾਂ ਕਦੀ-ਕਦੀ ਸਮੂਹਿਕ ਰੂਪ ਵਿੱਚ ਲੰਮੀ ਹੇਕ ਨਾਲ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਰਾਹੀਂ, ਜਿੱਥੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਉੱਥੇ ਵਿਆਂਦੜ ਮੁੰਡੇ ਦੇ ਬਾਪ-ਦਾਦੇ, ਮਾਂ-ਦਾਦੀ ਆਦਿ ਨੇੜਲੇ ਸਾਕਾਂ ਨੂੰ ਵਧਾਈ ਵੀ ਦਿੱਤੀ ਜਾਂਦੀ ਹੈ।


ਲਾੜੇ ਦੀ ਜੰਞ ਦੀ ਤਿਆਰੀ ਅਤੇ ਜੰਞ ਚੜ੍ਹਨ ਦੇ ਸਮੇਂ ਸ਼ਗਨਾਂ ਵੇਲੇ ਗਾਏ ਜਾਣ ਵਾਲੇ ਗੀਤ ਨੂੰ ਵੀ 'ਘੋੜੀਆਂ' ਹੀ ਕਿਹਾ ਜਾਂਦਾ ਹੈ।


ਹਰਿਆ ਨੀ ਮਾਏ, ਹਰਿਆ ਨੀ ਭੈਣੇ ।
ਹਰਿਆ ਤੇ ਭਾਗੀਂ ਭਰਿਆ ।
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆਂ
ਸੋਈਓ ਦਿਹਾੜਾ ਭਾਗੀਂ ਭਰਿਆ ।



ਜੰਮਦਾ ਤਾਂ ਹਰਿਆ ਪੱਟ-ਲਪੇਟਿਆ,
ਕੁਛੜ ਦਿਓ ਨੀ ਏਨ੍ਹਾਂ ਦਾਈਆਂ ।
ਨ੍ਹਾਤਾ ਤੇ ਧੋਤਾ ਹਰਿਆ ਪਟ-ਲਪੇਟਿਆ,
ਕੁੱਛੜ ਦਿਓ ਸਕੀਆਂ ਭੈਣਾਂ ।



ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ,
ਕੀ ਕੁਝ ਮਿਲਿਆ ਸਕੀਆਂ ਭੈਣਾਂ ।
ਪੰਜ ਰੁਪਏ ਏਨ੍ਹਾਂ ਦਾਈਆਂ ਤੇ ਮਾਈਆਂ,
ਪੱਟ ਦਾ ਤੇਵਰ ਸਕੀਆਂ ਭੈਣਾਂ ।


ਜਾਂ


ਰਾਜਾ ਤੇ ਪੁੱਛਦਾ ਰਾਣੀਏਂ,
ਸੁਣ ਮੇਰੀ ਬਾਤ ਨੂੰ, ਸੁਣ ਮੇਰੀ ਬਾਤ ਨੂੰ
ਗਾਗਰ ਦੇ ਸੁੱਚੇ ਮੋਤੀ ਕਿਸਨੂੰ ਦੇਈਏ ।


ਪਾਂਧੇ ਦੇ ਜਾਈਏ ਵੇ ਰਾਜਾ,
ਸਾਹਾ ਸੁਧਾਈਏ, ਸਾਹਾ ਸੁਧਾਈਏ,


ਗਾਗਰ ਦੇ ਸੁੱਚੇ ਮੋਤੀ ਤਾਂ ਉਹਨੂੰ ਦੇਈਏ ।
ਪੁੱਤਰਾਂ ਦਾ ਜੰਮਣ, ਵੇ ਰਾਜਾ, ਨੂੰਹਾਂ ਦਾ ਆਵਣ,
ਇੰਦਰ ਦੀ ਵਰਖਾ ਵੇ ਰਾਜਾ, ਨਿੱਤ ਨਹੀਉਂ ।


ਘੋੜੀਆਂ 'ਚ ਵਿਆਹ ਵਾਲੇ ਮੁੰਡੇ ਦੇ ਵੱਖ-ਵੱਖ ਰਿਸ਼ਤੇਦਾਰਾਂ ਦਾ ਜ਼ਿਕਰ ਆਉਂਦਾ ਹੈ:


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ,
ਲੱਠੇ ਨੇ ਖੜ-ਖੜ ਲਾਈ ਰਾਮਾ।


ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ,
ਬਾਬਲ ਵਿਆਹੁਣ ਪੁੱਤ ਨੂੰ ਚੱਲਿਆ,
ਦੰਮਾਂ ਨੇ ਛਣ-ਛਣ ਲਾਈ ਰਾਮਾ।


ਇਸ ਤਰ੍ਹਾਂ ਘੋੜੀਆਂ 'ਚ ਮਾਮੇ, ਚਾਚੇ, ਤਾਏ ਤੇ ਫੁੱਫੜ ਦਾ ਜ਼ਿਕਰ ਆਉਂਦਾ ਰਹਿੰਦਾ ਹੈ।


ਧੀ ਵਾਲਿਆਂ ਵੱਲੋਂ 11 ਜਾਂ 21 ਦਿਨ ਪਹਿਲਾਂ ਲਾੜੇ ਦੇ ਘਰ 'ਸਾਹੇ ਚਿੱਠੀ' ਭੇਜੀ ਜਾਂਦੀ ਹੈ। ਜਿਸ ਵਿੱਚ ਧੀ ਵਾਲਿਆਂ ਵੱਲੋਂ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਹੁੰਦਾ ਹੈ। ਇਸ ਚਿੱਠੀ ਦਾ ਸਵਾਗਤ 'ਘੋੜੀਆਂ' ਗਾ ਕੇ ਕੀਤਾ ਜਾਂਦਾ ਹੈ। ਇਸੇ ਦਿਨ ਤੋਂ ਪੁੱਤ ਵਾਲੇ ਘਰ ਰਾਤ ਸਮੇਂ ਰੋਟੀ-ਟੁੱਕ ਦਾ ਕੰਮ ਮੁਕਾ ਕੇ ਆਂਢ-ਗੁਆਂਢ ਅਤੇ ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ 'ਕੱਠੀਆਂ ਹੋ ਕੇ ਵਿਆਹ ਦੇ ਗੀਤ ਗਾਉਣੇ ਆਰੰਭ ਦਿੰਦੀਆਂ ਹਨ।


ਦੂਜੇ ਪਾਸੇ ਕੁੜੀ ਵਾਲਿਆਂ ਦੇ ਘਰ ਵੀ ਏਸੇ ਤਰ੍ਹਾਂ ਸੁਹਾਗ ਗਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਹ ਲੋਕ-ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਅਤੇ ਚੰਗੇ ਘਰ ਦੀ ਲੋਚਾ, ਪੇਕੇ ਅਤੇ ਸਹੁਰੇ ਘਰ ਨਾਲ ਇੱਕ-ਰਸ ਵਿਆਹੁਤਾ ਜ਼ਿੰਦਗੀ ਦੀ ਕਲਪਨਾ, ਮਾਪਿਆਂ ਦਾ ਘਰ ਛੱਡੇ ਜਾਣ ਦਾ ਉਦਰੇਵਾਂ ਅਤੇ ਸੁਪਨਿਆਂ ਦਾ ਪ੍ਰਗਟਾਅ ਹੁੰਦਾ ਹੈ:


ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਵੇ ਜਾਣਾ ।
ਸਾਡੀ ਲੰਮੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਵੇ ਜਾਣਾ ।


ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ,
ਬਾਬਲ ਡੋਲਾ ਨਹੀਂ ਲੰਘਦਾ ।
ਇੱਕ ਇੱਟ ਪੁਟਾ ਦੇਵਾਂ,
ਧੀਏ ਘਰ ਜਾ ਆਪਣੇ ।


ਸਹੁਰੇ ਘਰ ਦੀ ਕਲਪਨਾ 'ਤੇ ਆਧਾਰਤ ਸੁਹਾਗ ਕੁਝ ਇਸ ਤਰ੍ਹਾਂ ਹਨ:


ਦੇਵੀਂ ਵੇ ਬਾਬਲਾ ਓਸ ਘਰੇ,
ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ ।


ਡਾਹ ਪੀੜ੍ਹਾ ਬਹਿੰਦਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ,
ਬਾਬਲ ਤੇਰਾ ਪੁੰਨ ਹੋਵੇ ।
ਤੇਰਾ ਹੋਵੇਗਾ ਵੱਡੜਾ ਜਸ,
ਬਾਬਲ, ਤੇਰਾ ਪੁੰਨ ਹੋਵੇ ।


ਇਸ ਤੋਂ ਇਲਾਵਾ ਕੁੜੀਆਂ ਵੱਲੋਂ ਵਰ ਨਾਲ ਸਬੰਧਤ ਸੁਫਨਿਆਂ ਤੇ ਕਲਪਨਾ ਦਾ ਵੀ ਉਚੇਚਾ ਜ਼ਿਕਰ ਇਨ੍ਹਾਂ ਗੀਤਾਂ 'ਚ ਆਉਂਦਾ ਹੈ:


ਬੇਟੀ ਚੰਦਨ ਦੇ ਓਹਲੇ ਕਿਉਂ ਖੜ੍ਹੀ ?
ਮੈਂ ਤਾਂ ਖੜ੍ਹੀ ਸਾਂ ਬਾਬਲ ਜੀ ਦੇ ਪਾਸ,
ਕਰਾਂ ਅਰਦਾਸ, ਬਾਬਲ ਵਰ ਲੋੜੀਏ ।


ਜਾਈਏ ਕਿਹੋ ਜਿਹਾ ਵਰ ਲੋੜੀਏ ?
ਬਾਬੁਲ ਜਿਉਂ ਤਾਰਿਆਂ ਵਿਚੋਂ ਚੰਨ,
ਚੰਨਾਂ ਵਿਚੋਂ ਕਾਹਨ,
ਘਨੱਈਆ ਵਰ ਲੋੜੀਏ ।


ਸੁਹਾਗ ਦੀਆਂ ਕਈ ਜ਼ਿਆਦਾ ਕਿਸਮਾਂ ਹਨ। ਪੰਜਾਬੀ ਸੱਭਿਆਚਾਰ ਏਨਾ ਵਿਲਖਣ ਤੇ ਅਮੀਰ ਹੈ ਕਿ ਸਾਡੇ ਕੋਲ ਲੋਕ-ਗੀਤਾਂ ਦਾ ਖਜ਼ਾਨਾ ਮੌਜੂਦ ਹੈ:


ਚੜ੍ਹ ਚੁਬਾਰੇ ਸੁੱਤਿਆ ਬਾਬਲ,
ਆਈ ਬਨੇਰੇ ਦੀ ਛਾਂ ।
ਤੂੰ ਸੁੱਤਾ ਲੋਕੀਂ ਜਾਗਦੇ,
ਘਰ ਬੇਟੜੀ ਹੋਈ ਮੁਟਿਆਰ ।