Punjab News: ਤਰਨ ਤਾਰਨ ਦੇ ਸਰਹਾਲੀ ਥਾਣੇ ’ਤੇ ਹਮਲੇ ਦੀ ਸਿੱਖਸ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਹਮਲੇ ਸਬੰਧੀ ਐਸਐਫਜੇ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਉਹ ਸਾਰੇ ਪੱਖਾਂ ਤੇ ਨੁਕਤਿਆਂ ਉਤੇ ਕੰਮ ਕਰ ਰਹੇ ਹਨ। ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਤੇ ਅਪਰੇਟਰਾਂ ਤੇ ਉਨ੍ਹਾਂ ਤੱਤਾਂ ਜੋ ਯੂਰਪ ਤੇ ਉੱਤਰੀ ਅਮਰੀਕਾ ਵਿੱਚ ਆਪਸੀ ਸੰਪਰਕ ’ਚ ਹਨ, ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ। ਡੀਜੀਪੀ ਨੇ ਕਿਹਾ ਕਿ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਡਰੋਨਾਂ ਦੀ ਗਤੀਵਿਧੀ ਵਧੀ ਹੈ। ਕਈ ਡਰੋਨ ਡੇਗੇ ਵੀ ਗਏ ਹਨ। ਡੀਜੀਪੀ ਨੇ ਕਿਹਾ ਕਿ ਮੁਹਾਲੀ ਤੇ ਤਰਨ ਤਾਰਨ ਆਰਪੀਜੀ ਹਮਲੇ ਕਾਫੀ ਮਿਲਦੇ-ਜੁਲਦੇ ਹਨ।  

ਇਸ ਦੌਰਾਨ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪੁਲਿਸ ਮੁਖੀ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਇਸ ਬਾਰੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਮਰੀਕਾ ਤੇ ਹੋਰ ਏਜੰਸੀਆਂ ਦੇ ਸੰਪਰਕ ਵਿਚ ਹੈ। ਜਦ ਡੀਜੀਪੀ ਨੂੰ ਬਰਾੜ ਦੇ ਹਿਰਾਸਤ ਵਿੱਚ ਲਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਧੀਰਜ ਰੱਖੋ ਸਭ ਕੁਝ ਸਾਫ਼ ਹੋ ਜਾਵੇਗਾ।’ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਉਨ੍ਹਾਂ ਨੂੰ ਫਿਰੌਤੀ ਬਾਰੇ ਕੋਈ ਫੋਨ ਆਵੇ ਤਾਂ ਉਹ ਪੁਲੀਸ ਨੂੰ ਜਾਣਕਾਰੀ ਦੇਣ।  

ਦੱਸ ਦਈਏ ਕਿ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਸਰਹਾਲੀ ਪੁਲਿਸ ਥਾਣੇ ’ਤੇ ਸ਼ੁੱਕਰਵਾਰ ਰਾਤ ਰਾਕੇਟ-ਪ੍ਰੋਪੈਲਡ (ਆਰਪੀਜੀ) ਗ੍ਰਨੇਡ ਹਮਲਾ ਕੀਤਾ ਗਿਆ ਸੀ। ਪਿਛਲੇ ਸੱਤ ਮਹੀਨਿਆਂ ਦੌਰਾਨ ਪੰਜਾਬ ਵਿੱਚ ਇਹ ਅਜਿਹਾ ਦੂਜਾ ਹਮਲਾ ਹੈ। ਪੰਜਾਬ ਦੇ ਪੁਲਿਸ ਮੁਖੀ (ਡੀਜੀਪੀ) ਗੌਰਵ ਯਾਦਵ ਨੇ ਇਸ ਨੂੰ ਫ਼ੌਜੀ-ਗਰੇਡ ਦਾ ਅਸਲਾ ਦੱਸਿਆ ਹੈ।

ਡੀਜੀਪੀ ਨੇ ਕਿਹਾ ਕਿ ਵੱਡੀ ਸੰਭਾਵਨਾ ਹੈ ਕਿ ਇਸ ਨੂੰ ਸਰਹੱਦ ਪਾਰੋਂ ਤਸਕਰੀ ਕਰ ਕੇ ਲਿਆਂਦਾ ਗਿਆ ਹੈ। ਡੀਜੀਪੀ ਨੇ ਕਿਹਾ, ‘ਸਪੱਸ਼ਟ ਸੰਕੇਤ ਹੈ ਕਿ ਇਹ ਗੁਆਂਢੀ ਮੁਲਕ ਦੀ ਭਾਰਤ ਨੂੰ ਸੱਟ ਮਾਰਨ ਦੀ ਰਣਨੀਤੀ ਹੈ।’ ਵੇਰਵਿਆਂ ਮੁਤਾਬਕ ਅਣਪਛਾਤਿਆਂ ਵੱਲੋਂ ਦਾਗਿਆ ਆਰਪੀਜੀ ਸਰਹਾਲੀ ਪੁਲਿਸ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ ਦੇ ਅੰਦਰ ਜਾ ਕੇ ਡਿੱਗਿਆ ਹੈ।