ਪੰਜਾਬ 'ਚ ਪਿਛਲੇ 10 ਦਿਨਾਂ ਵਿੱਚ ਦੋ ਵਾਰ ਗੈਂਗਵਾਰ ਹੋ ਚੁੱਕੀਆਂ ਹਨ। ਇਹ ਸਾਰੀ ਘਟਨਾਵਾਂ ਲਗਭਗ 40 ਦਿਨ ਪਹਿਲਾਂ ਹੋਈ ਗੋਰਾ ਬਰਿਆਰ ਦੀ ਹੱਤਿਆ ਨਾਲ ਜੁੜੀਆਂ ਹੋਈਆਂ ਹਨ। ਗੋਰਾ ਦੀ ਹੱਤਿਆ ਤੋਂ ਬਾਅਦ ਜੱਗੂ ਭਗਵਾਨਪੁਰੀਆ ਅਤੇ ਬੰਬੀਹਾ ਗੈਂਗ ਵਿਚਕਾਰ ਖੂਨੀ ਟੱਕਰ ਤੇਜ਼ ਹੋ ਗਈ। ਇਸ ਗੈਂਗਵਾਰ ਵਿੱਚ ਜੱਗੂ ਨੇ ਆਪਣੀ ਮਾਂ ਹਰਜੀਤ ਕੌਰ ਨੂੰ ਵੀ ਗਵਾ ਦਿੱਤਾ। ਹੁਣ ਇਹ ਗੈਂਗਵਾਰ ਪਰਿਵਾਰਾਂ ਤੱਕ ਪਹੁੰਚ ਗਈ ਹੈ।
ਬੰਬੀਹਾ ਗੈਂਗ ਨੇ ਜੱਗੂ ਦੀ ਮਾਂ ਦੀ ਹੱਤਿਆ ‘ਤੇ ਅਫ਼ਸੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਇਹ ਘਟਨਾ ਅਣਜਾਣੇ ਵਿਚ ਹੋਈ, ਪਰ ਦੋ ਕਤਲਾਂ ਦੇ ਪਿੱਛੇ ਇੱਕੋ ਹੀ ਨਾਂ ਸਾਹਮਣੇ ਆਇਆ– ਗੋਰਾ ਬਰਿਆਰ ਦਾ। ਗੋਰਾ ਦੀ ਹੱਤਿਆ 26 ਮਈ 2025 ਨੂੰ ਜੱਗੂ ਭਗਵਾਨਪੁਰੀਆ ਵੱਲੋਂ ਕਰਵਾਈ ਗਈ ਸੀ। ਪੁਲਿਸ ਨੇ ਨੇਲਸਨ ਮਸੀਹ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਦੱਸਿਆ ਕਿ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਜੱਗੂ ਦੇ ਕਹਿਣ 'ਤੇ ਇਸ ਹੱਤਿਆ ਨੂੰ ਅੰਜਾਮ ਦਿੱਤਾ।
ਜਾਣੋ ਕੌਣ ਸੀ ਗੋਰਾ ਬਰਿਆਰ
ਗੋਰਾ ਬਰਿਆਰ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਗੋਰਾ ਸੀ ਜੋ ਗੁਰਦਾਸਪੁਰ ਦੇ ਬਰਿਆਰ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਉਮਰ 33 ਸਾਲ ਸੀ। ਗੋਰਾ, ਬਿਲਾ ਗੋਰਾ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਉਸ ਦਾ ਬੰਬੀਹਾ ਗੈਂਗ ਨਾਲ ਸਿੱਧਾ ਕੋਈ ਸੰਬੰਧ ਨਹੀਂ ਸੀ। ਪਰ ਜਦੋਂ ਉਸ ਦੀ ਹੱਤਿਆ ਹੋਈ, ਤਾਂ ਬੰਬੀਹਾ ਗੈਂਗ ਵੱਲੋਂ ਸਾਫ਼ ਕਹਿ ਦਿੱਤਾ ਗਿਆ ਸੀ ਕਿ ਜਿਸ ਨੇ ਵੀ ਇਹ ਕਦਮ ਚੁੱਕਿਆ ਹੈ, ਉਹਨੂੰ ਛੱਡਿਆ ਨਹੀਂ ਜਾਵੇਗਾ।
ਜੱਗੂ ਨੇ ਗੋਰਾ ਦੀ ਹੱਤਿਆ ਕਿਉਂ ਕਰਵਾਈ, ਇਹ ਅੱਜ ਤੱਕ ਸਾਫ਼ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ, ਜੱਗੂ ਦੇ ਖੇਤਰ ਵਿੱਚ ਗੋਰਾ ਅਤੇ ਬਿਲਾ ਗੈਂਗ ਆਪਣਾ ਦਾਇਰਾ ਵਧਾ ਰਹੇ ਸਨ। ਜੱਗੂ ਨੂੰ ਇਹ ਸ਼ੱਕ ਸੀ ਕਿ ਉਹ ਬੰਬੀਹਾ ਗੈਂਗ, ਜੋ ਉਸ ਦਾ ਦੁਸ਼ਮਣ ਹੈ, ਲਈ ਕੰਮ ਕਰ ਰਹੇ ਹਨ। 26 ਮਈ ਨੂੰ ਹੋਈ ਹੱਤਿਆ ਦੇ ਵੇਲੇ ਗੋਰਾ ਦਾ ਸਾਥੀ ਬਿਲਾ ਵੀ ਨਾਲ ਸੀ, ਪਰ ਉਹ ਇਸ ਹਮਲੇ ਵਿੱਚ ਬਚ ਗਿਆ। ਪੁਲਿਸ ਅੱਜ ਤੱਕ ਨੇਲਸਨ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਫੜ ਸਕੀ। ਹਾਲਾਂਕਿ, ਬੰਬੀਹਾ ਗੈਂਗ ਗੋਰਾ ਦੇ ਨਾਂ ‘ਤੇ ਹੁਣ ਤੱਕ ਤਿੰਨ ਕਤਲ ਕਰ ਚੁੱਕੀ ਹੈ।
26 ਜੂਨ ਨੂੰ ਹੋਈ ਕਰਣਵੀਰ ਅਤੇ ਹਰਜੀਤ ਕੌਰ ਦੀ ਹੱਤਿਆ
ਇਸ ਘਟਨਾ ਤੋਂ ਠੀਕ ਇੱਕ ਮਹੀਨੇ ਬਾਅਦ, ਜੱਗੂ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਸਾਥੀ ਕਰਣਵੀਰ ਦੀ ਹੱਤਿਆ ਕਰ ਦਿੱਤੀ ਗਈ। ਦੋਹਾਂ ਬਟਾਲਾ ਵਿਖੇ ਆਪਣੇ ਘਰ ਦੇ ਬਾਹਰ ਕਾਰ ਵਿੱਚ ਮੌਜੂਦ ਸਨ, ਜਦੋਂ ਅਣਪਛਾਤੇ ਹਮਲਾਵਰ ਬਾਈਕ ‘ਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਹੱਤਿਆ ਨੂੰ ਲੈ ਕੇ ਬੰਬੀਹਾ ਗੈਂਗ ਵੱਲੋਂ ਇੱਕ ਪੋਸਟ ਵੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਡੋਨੀ ਬੱਲ, ਬਿਲਾ ਮਾਂਗਾ, ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ ਨੇ ਇਹ ਹੱਤਿਆ ਅੰਜਾਮ ਦਿੱਤੀ।
ਕਰਨਵੀਰ ਜੱਗੂ ਦੇ ਸਾਰੇ ਕੰਮਕਾਜ ਨੂੰ ਸੰਭਾਲਦਾ ਸੀ ਅਤੇ ਉਸ ਦੀ ਹੱਤਿਆ ਕਰਕੇ ਗੋਰਾ ਦੀ ਮੌਤ ਦਾ ਬਦਲਾ ਲਿਆ ਗਿਆ। ਬਟਾਲਾ ਪੁਲਿਸ ਨੇ ਇਸ ਮਾਮਲੇ ਵਿੱਚ ਜੱਗੂ ਦੇ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਫੜ ਲਿਆ ਜਾਵੇਗਾ, ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
10 ਦਿਨਾਂ ਬਾਅਦ ਹੋਰ ਇੱਕ ਕਤਲ
ਦੂਜੇ ਪਾਸੇ, 10 ਦਿਨਾਂ ਬਾਅਦ ਅੰਮ੍ਰਿਤਸਰ ਦੇ ਮਹਿੰਤਾ ਇਲਾਕੇ ਦੇ ਪਿੰਡ ਚੰਣਕੇ ਵਿੱਚ ਇੱਕ ਹੋਰ ਕਤਲ ਦੀ ਘਟਨਾ ਵਾਪਰੀ। ਸ਼ਨੀਵਾਰ ਨੂੰ ਦਿਨਦਿਹਾੜੇ 28 ਸਾਲਾ ਨੌਜਵਾਨ ਜੁਗਰਾਜ ਸਿੰਘ ਉਰਫ਼ ਤੋਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਚਿੱਟੇ ਦਿਨ ਹੀ ਕਤਲ ਨੂੰ ਅੰਜਾਮ ਦਿੱਤਾ, ਜੋ ਨੇੜਲੇ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਿਆ। ਇਸ ਹੱਤਿਆ ਦੀ ਜ਼ਿੰਮੇਵਾਰੀ ਵੀ ਬੰਬੀਹਾ ਗੈਂਗ ਨੇ ਲੈ ਲਈ ਹੈ। ਇਲਜ਼ਾਮ ਲਗਾਇਆ ਗਿਆ ਕਿ ਜੁਗਰਾਜ ਨੇ ਜੱਗੂ ਲਈ ਰੇਕੀ ਕੀਤੀ ਸੀ।
ਪੰਜਾਬ ਵਿੱਚ ਗੈਂਗਵਾਰ ਦਾ ਖਤਰਾ ਵਧਿਆ
ਬੰਬੀਹਾ ਗੈਂਗ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਗੈਂਗਵਾਰ ਦਾ ਖਤਰਾ ਵਧਣ ਲੱਗਾ ਹੈ। ਇਹ ਖਤਰਾ ਸਿਰਫ਼ ਗੈਂਗਸਟਰਾਂ ਤੱਕ ਸੀਮਤ ਨਹੀਂ ਰਹਿਣ ਵਾਲਾ। ਅਨੁਮਾਨ ਹੈ ਕਿ ਗੈਂਗਸਟਰ ਹੁਣ ਪਰਿਵਾਰਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇਨ੍ਹਾਂ ਹੱਤਿਆਵਾਂ ਵਿੱਚ ਬੰਬੀਹਾ ਗੈਂਗ ਦੇ ਦੋ ਹਰਿਆਣਵੀ ਗੈਂਗਸਟਰਾਂ, ਪ੍ਰਭੂ ਦਾਸੂਵਾਲ ਅਤੇ ਕੌਸ਼ਲ ਚੌਧਰੀ, ਦੇ ਨਾਮ ਵੀ ਸਾਹਮਣੇ ਆਏ ਹਨ। ਪ੍ਰਸ਼ਾਸਨ ਨੂੰ ਡਰ ਹੈ ਕਿ ਦੋਵਾਂ ਗੈਂਗਾਂ ਵਿਚਕਾਰ ਕਦੇ ਵੀ ਗੈਂਗਵਾਰ ਸ਼ੁਰੂ ਹੋ ਸਕਦੀ ਹੈ।