Punjab Election 2022: ਪੰਜਾਬ ਵਿਧਾਨ ਸਭਾ ਚੋਣਾਂ 'ਚ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਜੋਸ਼ ਨਾਲ ਚੋਣ ਪ੍ਰਚਾਰ 'ਚ ਜੁਟੀਆਂ ਹੋਈਆਂ ਹਨ। ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਮਿਲੀ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਜ਼ਬਾ ਬੁਲੰਦ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕਰਨ ਦੇ ਇਰਾਦੇ ਨਾਲ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਸੂਬੇ 'ਚ ਲਗਾਤਾਰ ਜਨਤਕ ਮੀਟਿੰਗਾਂ ਕਰ ਰਹੇ ਹਨ ਤੇ ਲੁਭਾਉਣੇ ਵਾਅਦੇ ਕਰ ਰਹੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ।


ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 'ਆਪ' ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ?
ਦਰਅਸਲ, ਟਾਈਮਜ਼ ਨਾਓ ਨਵਭਾਰਤ ਦੇ ਸਰਵੇਖਣ ਅਨੁਸਾਰ ਇਸ ਵਾਰ ਪੰਜਾਬ 'ਚ ਤਿਕੋਣੀ ਵਿਧਾਨ ਸਭਾ ਹੋਣ ਦੀ ਸੰਭਾਵਨਾ ਹੈ। ਸਰਵੇ 'ਚ 'ਆਪ' ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 53-57 'ਤੇ ਜਿੱਤ ਹਾਸਲ ਕਰ ਸਕਦੀ ਹੈ। ਦੂਜੇ ਪਾਸੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ 41-45 ਸੀਟਾਂ ਮਿਲਣ ਦੀ ਉਮੀਦ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ 14 ਤੋਂ 17 ਸੀਟਾਂ 'ਤੇ ਜਿੱਤ ਦੀ ਉਮੀਦ ਹੈ। ਇਸ ਨਾਲ ਹੀ ਭਾਜਪਾ ਗਠਜੋੜ ਨੂੰ ਇੱਕ ਤੋਂ ਤਿੰਨ ਸੀਟਾਂ ਮਿਲ ਸਕਦੀਆਂ ਹਨ ਤੇ ਹੋਰ ਪਾਰਟੀਆਂ ਨੂੰ ਵੀ ਇੱਕ ਤੋਂ ਤਿੰਨ ਸੀਟਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਜੇਕਰ ਸਰਵੇਖਣ ਦੇ ਨਤੀਜੇ ਅੰਕੜਿਆਂ ਵਿੱਚ ਬਦਲਦੇ ਹਨ ਤਾਂ ਇਹ ‘ਆਪ’ ਦੀਆਂ ਕੌਮੀ ਖਾਹਿਸ਼ਾਂ ਲਈ ਇੱਕ ਸਫ਼ਲ ਕਦਮ ਹੋਵੇਗਾ।


ਮੁੱਖ ਮੰਤਰੀ ਦੇ ਅਹੁਦੇ ਦਾ ਸਭ ਤੋਂ ਵੱਡਾ ਚਿਹਰਾ ਅਜੇ ਵੀ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਹੀ
ਇਸ ਦੇ ਨਾਲ ਹੀ ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਚੋਣ ਸਰਵੇਖਣਾਂ 'ਚ ਕਾਂਗਰਸ ਸੱਤਾ ਤੋਂ ਹੱਥ ਧੋਂਦੀ ਨਜ਼ਰ ਆ ਰਹੀ ਹੈ ਪਰ ਸੂਬੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਸਭ ਤੋਂ ਵੱਡਾ ਚਿਹਰਾ ਅਜੇ ਵੀ ਕਾਂਗਰਸ ਦੇ ਚਰਨਜੀਤ ਚੰਨੀ ਹੀ ਬਣਿਆ ਹੋਇਆ ਹੈ। ਸਰਵੇ 'ਚ 28.95 ਫੀਸਦੀ ਲੋਕਾਂ ਨੇ ਕਿਹਾ ਕਿ ਚੰਨੀ ਸੂਬੇ ਨੂੰ ਬਿਹਤਰ ਅਗਵਾਈ ਦੇ ਸਕਦੇ ਹਨ। ਇਸ ਨਾਲ ਹੀ 22.51 ਫੀਸਦੀ ਲੋਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਦੇਖਣਾ ਚਾਹੁੰਦੇ ਹਨ। ਜਦੋਂਕਿ 18.24 ਫੀਸਦੀ ਲੋਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਦੇ ਹਨ। 



ਦੱਸ ਦੇਈਏ ਕਿ ਸਿਰਫ 4.92 ਫੀਸਦੀ ਲੋਕ ਹੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੇ ਹਨ। ਜਦੋਂ ਕਿ 2.87 ਫੀਸਦੀ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ 9.47 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਹੋਰ ਨੂੰ ਸੀਐੱਮ ਬਣਨਾ ਚਾਹੀਦਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin


https://apps.apple.com/in/app/abp-live-news/id811114904