Punjab Election 2022: ਬੀਜੇਪੀ ਤੇ ਉਸ ਦੇ ਭਾਈਵਾਲਾਂ ਨੂੰ ਪੰਜਾਬ ਵਿੱਚ ਸਰਕਾਰ ਬਣਨ ਦੀ ਪੂਰੀ ਉਮੀਦ ਹੈ। ਬੇਸ਼ੱਕ ਐਗਜ਼ਿਟ ਪੋਲ ਤੇ ਸਿਆਸੀ ਮਾਹਿਰਾਂ ਦੇ ਵਿਚਾਰ ਇਸ ਤੋਂ ਉਲਟ ਹਨ ਪਰ ਬੀਜੇਪੀ ਆਪਣੇ ਢੰਗ ਨਾਲ ਗਣਿਤ ਬੈਠਾ ਰਹੀ ਹੈ। ਇਸ ਬਾਰੇ ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ 10 ਤੋਂ 12 ਸੀਟਾਂ ਜਿੱਤੇਗੀ। ਇਸ ਮਗਰੋਂ ਅਕਾਲੀ ਦਲ ਨਾਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਹਾਂ।



ਉਂਝ ਉਨ੍ਹਾਂ ਮੰਨਿਆ ਹੈ ਕਿ ਪਹਿਲਾਂ ਅਸੀਂ ਪੰਜਾਬ ਵਿੱਚ 3 ਸੀਟਾਂ 'ਤੇ ਸੀ ਅਜਿਹਾ ਨਹੀਂ ਹੈ ਕਿ ਅਸੀਂ 117 ਸੀਟਾਂ ਜਿੱਤ ਲਈਏ। ਅਸੀਂ ਬੰਗਾਲ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੂਰਨ ਬਹੁਮਤ ਵਾਲੀ ਸਰਕਾਰ ਆਉਂਦੀ ਹੈ ਤਾਂ ਵੀ ਕੋਈ ਗੱਲ ਨਹੀਂ ਜੋ ਵੀ ਜਿੱਤੇ, ਪੰਜਾਬ ਨੂੰ ਚਲਾਉਣ ਵਾਲੇ ਨੂੰ ਵਧਾਈ, ਅਸੀਂ ਉਸ ਦਾ ਸਾਥ ਦੇਵਾਂਗੇ।

ਉਧਰ, ਬੀਜੇਪੀ ਗਠਜੋੜ ਦੇ ਅਹਿਮ ਭਾਈਵਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਹੁਮਤ ਸਾਬਤ ਕਰਨ ਤੋਂ ਬਾਅਦ ਉਹ ਫਲੋਰ ਟੈਸਟ ਦਾ ਪ੍ਰਬੰਧ ਕਰਨਗੇ।

ਦੱਸ ਦਈਏ ਕਿ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਹਿਮ ਬੈਠਕ ਤੋਂ ਬਾਅਦ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਮੰਗਲਵਾਰ ਨੂੰ ਉਨ੍ਹਾਂ ਨੂੰ ਮਿਲਣ ਸਿਸਵਾਂ ਫਾਰਮ ਹਾਊਸ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ੇਖਾਵਤ ਨਾਲ ਦੋ ਘੰਟੇ ਤੱਕ ਚਰਚਾ ਕੀਤੀ।

ਪਾਰਟੀ ਆਗੂ ਨੇ ਕਿਹਾ ਕਿ ਕੈਪਟਨ ਕਈ ਵਿਧਾਇਕਾਂ ਦੇ ਸਿਆਸੀ ਸਲਾਹਕਾਰ ਹਨ ਤੇ ਉਨ੍ਹਾਂ ਦੇ ਗਠਜੋੜ ਦੇ ਸਭ ਤੋਂ ਵੱਡੇ ਆਗੂ ਹਨ ਜੋ ਸਾਢੇ ਨੌਂ ਸਾਲ ਤੱਕ ਮੁੱਖ ਮੰਤਰੀ ਰਹੇ ਤੇ ਗਠਜੋੜ ਦੀ ਅਗਵਾਈ ਕਰਨਗੇ ਤੇ ਇਸ ਵਾਰ ਗਠਜੋੜ ਦੀ ਹੀ ਸਰਕਾਰ ਬਣੇਗੀ।

ਐਗਜ਼ਿਟ ਪੋਲ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸਟੀਕ ਨਤੀਜੇ ਨਹੀਂ ਹਨ ਤੇ ਬਹੁਮਤ ਉਨ੍ਹਾਂ ਦੇ ਗਠਜੋੜ ਨੂੰ ਹੀ ਮਿਲੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2017 ਵਿੱਚ ਜਿੱਤੇ 77 ਕਾਂਗਰਸੀ ਵਿਧਾਇਕਾਂ ਵਿੱਚੋਂ ਕੈਪਟਨ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਸੀ ਤੇ ਹੁਣ ਉਹ ਸਾਰੇ ਜਿੱਤੇ ਵਿਧਾਇਕਾਂ ਦੇ ਸੰਪਰਕ ਵਿੱਚ ਹਨ।

ਦਸ ਦਈਏ ਕਿ 10 ਮਾਰਚ ਯਾਨੀ ਭਲਕੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਉਮੀਦਵਾਰਾਂ ਦੀ ਵੀ ਕਿਸਮਤ ਦਾ ਫੈਸਲਾ ਹੋਵੇਗਾ।