ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਸ਼ਨੀਵਾਰ ਨੂੰ ਦੱਸਿਆ ਕਿ ਐਨਕੋਰ ਸਾਫਟਵੇਅਰ `ਤੇ ਉਪਲਬਧ ਅੰਕੜਿਆਂ ਅਨੁਸਾਰ ਚੋਥੇ ਦਿਨ ਸੂਬੇ ਵਿੱਚ ਸਿਰਫ਼ 317 ਨਾਮਜ਼ਦਗੀਆਂ ਹੀ ਦਾਖ਼ਲ ਹੋਈਆਂ ਹਨ। ਨਾਮਜ਼ਦਗੀ ਦੇ ਤਿੰਨ ਦਿਨਾਂ ਦੋਰਾਨ 302 ਨਾਮਜ਼ਦਗੀਆਂ ਦਾਖਲ ਹੋਣ ਦੇ ਨਾਲ ਹੁਣ ਰਾਜ ਵਿੱਚ ਦਾਖਲ ਨਾਮਜ਼ਦਗੀਆਂ ਦੀ ਕੁੱਲ ਗਿਣਤੀ 619 ਹੋ ਗਈ ਹੈ।



ਡਾ: ਰਾਜੂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਐਪਲੀਕੇਸ਼ਨ `ਨੋਅ ਯੂਅਰ ਕੈਂਡੀਡੇਟ` ਦੀ ਵੱਧ ਤੋਂ ਵੱਧ ਵਰਤੋਂ ਕਰਨ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੀ ਫੋਟੋ ਸਣੇ ਉਸਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵਿਆਪਕ ਪ੍ਰਚਾਰ ਅਤੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਮੋਬਾਈਲ ਐਪ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ `ਤੇ ਵੀ ਉਪਲਬਧ ਹੈ।


 

ਦੱਸ ਦੇਈਏ ਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 25 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 1 ਫਰਵਰੀ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇੱਕ ਅਧਿਕਾਰਤ ਬਿਆਨ ਮੁਤਾਬਕ ਐਸ ਕਰੁਣਾ ਰਾਜੂ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ ਅਤੇ ਵਾਪਸੀ ਦੀ ਆਖਰੀ ਮਿਤੀ 4 ਫਰਵਰੀ ਹੋਵੇਗੀ।