ਖੰਨਾ : ਖੰਨਾ ਵਿਖੇ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਬਿਨਾਂ ਮਨਜੂਰੀ ਚੱਲ ਰਹੇ ਸਿਆਸੀ ਪ੍ਰੋਗ੍ਰਾਮ ਉਪਰ ਚੋਣ ਕਮਿਸ਼ਨ ਦੀ ਟੀਮ ਨੇ ਛਾਪਾ ਮਾਰਿਆ ਤਾਂ ਇਸ ਪ੍ਰੋਗਰਾਮ 'ਚ ਭਾਜੜਾਂ ਪੈ ਗਈਆਂ। ਚੱਲਦੇ ਪ੍ਰੋਗ੍ਰਾਮ 'ਚ ਆਈ ਚੋਣ ਕਮਿਸ਼ਨ ਦੀ ਟੀਮ ਵੱਲੋਂ ਵੀਡਿਓਗ੍ਰਾਫੀ ਨੂੰ ਦੇਖ ਕੇ ਨੌਜਵਾਨ ਇੱਥੋਂ ਖਿਸਕ ਗਏ। ਚੋਣ ਕਮਿਸ਼ਨ ਦੀ ਟੀਮ ਨੇ ਪ੍ਰੋਗਰਾਮ ਬੰਦ ਕਰਾਇਆ ਅਤੇ ਅਗਲੀ ਕਾਰਵਾਈ ਲਈ ਰਿਪੋਰਟ ਜਿਲ੍ਹਾ ਪੱਧਰੀ ਕਮੇਟੀ ਕੋਲ ਭੇਜ ਦਿੱਤੀ ਗਈ। 


ਤਿੰਨ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦਾ ਸਾਥ ਛੱਡ ਕੇ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਅਮਰਿੰਦਰ ਸਿੰਘ ਮਿੰਦੀ ਵੱਲੋਂ ਲਿਬੜਾ ਵਿਖੇ ਇੱਕ ਢਾਬੇ ਦੇ ਹਾਲ ਵਿੱਚ ਸਿਆਸੀ ਪ੍ਰੋਗ੍ਰਾਮ ਰੱਖਿਆ ਗਿਆ ਸੀ। ਇਸ ਪ੍ਰੋਗ੍ਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੱਦੇ ਗਏ ਸੀ ਪਰੰਤੂ ਇਸਦੀ ਮਨਜੂਰੀ ਨਹੀਂ ਲਈ ਗਈ ਸੀ। ਇਸ ਪ੍ਰੋਗ੍ਰਾਮ ਵਿੱਚ ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ ਵੀ ਪੁੱਜੇ ਸੀ। 

 

ਜਿਵੇਂ ਹੀ ਚੋਣ ਕਮਿਸ਼ਨ ਨੂੰ ਇਸਦਾ ਪਤਾ ਲੱਗਿਆ ਤਾਂ ਤੁਰੰਤ ਟੀਮ ਨੇ ਇਸ ਹਾਲ 'ਚ ਜਾ ਕੇ ਛਾਪਾ ਮਾਰਿਆ। ਪੰਜਾਬ ਲੋਕ ਕਾਂਗਰਸ ਦੇ ਅਮਰਿੰਦਰ ਮਿੰਦੀ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰੋਗਰਾਮ 20 ਤੋਂ 25 ਲੋਕਾਂ ਦਾ ਸੀ ਪਰ ਭਾਜਪਾ ਦਾ ਸਮਰਥਨ ਕਰਨ ਲਈ ਲੋਕ ਵੱਡੀ ਗਿਣਤੀ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਰੋਕ ਦਿੱਤਾ ਗਿਆ ਹੈ।  ਦੂਜੇ ਪਾਸੇ ਭਾਜਪਾ ਉਮੀਦਵਾਰ ਭੱਟੀ ਨੇ ਕਿਹਾ ਕਿ ਉਹ ਮਿੰਦੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਪੁੱਜੇ ਸਨ।  ਇਸ ਮੌਕੇ 'ਤੇ ਪਹੁੰਚੀ ਚੋਣ ਕਮਿਸ਼ਨ ਦੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਪ੍ਰੋਗਰਾਮ ਦੀ ਵੀਡੀਓ ਬਣਾ ਕੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।

 

ਦੱਸ ਦੇਈਏ ਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 1 ਫਰਵਰੀ ਤੱਕ ਜਾਰੀ ਰਹੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇੱਕ ਅਧਿਕਾਰਤ ਬਿਆਨ ਮੁਤਾਬਕ  ਐਸ ਕਰੁਣਾ ਰਾਜੂ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 2 ਫਰਵਰੀ ਨੂੰ ਕੀਤੀ ਜਾਵੇਗੀ ਅਤੇ ਵਾਪਸੀ ਦੀ ਆਖਰੀ ਮਿਤੀ 4 ਫਰਵਰੀ ਹੋਵੇਗੀ।