ਅੰਮ੍ਰਿਤਸਰ : ਪਹਿਲਾਂ ਤਾਂ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਆਪਸੀ ਕਾਂਟੋ ਕਲੇਸ਼ 'ਚ ਕੱਢ ਕੇ ਪੰਜਾਬ ਦਾ ਬੇਤਹਾਸ਼ਾ ਨੁਕਸਾਨ ਕੀਤਾ, ਜਿਸ ਨੇ ਕਈ ਦਹਾਕੇ ਪੰਜਾਬ ਨੂੰ ਪਿਛਾਂਹ ਧੱਕ ਦਿੱਤਾ। ਹੁਣ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਕਰਮ ਸਿੰਘ ਮਜੀਠੀਆ ਨੇ ਚੋਣ ਮੈਦਾਨ ਵਿਚ ਉਤਰਨ ਨਾਲ਼ ਹਲਕੇ ਦਾ ਕੋਈ ਭਲਾ ਨਹੀਂ ਹੋਵੇਗਾ ਬਲਕਿ ਇਹਨਾਂ ਨੇ ਆਪਸੀ ਕਿੜਾਂ ਕੱਢਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਾ। 
 

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਪੂਰਬੀ ਤੋਂ ਉਮੀਦਵਾਰ ਜੀਵਨਜੋਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜੀਵਨਜੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਕੰਮਾਂ 'ਤੇ ਯਕੀਨ ਕਰਦੀ ਹੈ ਅਤੇ ਸਮਾਜ ਦੇ ਭਲੇ ਲਈ ਲੋਕ ਉਸਾਰੂ ਕਮਾਂ ਚ ਵਿਸ਼ਵਾਸ ਰੱਖਦੀ ਹੈ। ਆਮ ਆਦਮੀ ਪਾਰਟੀ ਚੰਗੇ ਸਰਕਾਰੀ ਸਕੂਲ, ਵਧੀਆ ਸਿਹਤ ਸਹੂਲਤਾਂ ਨਾਲ ਲੈਸ ਸਰਕਾਰੀ ਹਸਪਤਾਲ, ਭ੍ਰਿਸ਼ਟਾਚਾਰ ਰਹਿਤ ਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਯਤਨਸ਼ੀਲ ਹੈ। 

 

ਉਹਨਾਂ ਕਿਹਾ ਕਿ ਨਵਜੋਤ ਸਿੱਧੂ ਆਪਣੀਆਂ ਛੇ ਇਲੈਕਸ਼ਨ ਜਿੱਤਣ ਦੀ ਗੱਲ ਗੱਜ ਵੱਜ ਕਰਦੇ ਨਜ਼ਰ ਆਉਂਦੇ ਹਨ,ਪਰ ਅਸਲ ਵਿੱਚ ਉਹ ਸਿਆਸਤ ਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਅਤੇ ਇਸ ਗੱਲ ਦੀ ਪੁਸ਼ਟੀ ਅੰਮ੍ਰਿਤਸਰ ਉੱਤਰੀ ਹਲਕੇ ਦੇ ਲੋਕ 20 ਫਰਵਰੀ ਨੂੰ  ਕਰ ਦੇਣਗੇ। ਉੱਤਰੀ ਹਲਕੇ ਵਿਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਦੀ ਗੱਲ ਕਰਦਿਆਂ ਜੀਵਨਜੋਤ ਨੇ ਕਿਹਾ ਕਿ ਸਿੱਧੂ ਕੋਈ ਇਕ ਵੀ ਕੰਮ ਨਹੀਂ ਦਸ ਸਕਦੇ ਜੋ ਉਹਨਾਂ ਨੇ ਹਲਕੇ ਚ ਕਰਾਇਆ ਹੋਵੇ।


ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਲਕੇ ਪੂਰਬੀ ਦੇ ਲੋਕ ਭਾਰੀ ਬਹੁਮਤ ਨਾਲ ਜਿਤਵਾ ਕੇ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਅਸਲੀ ਸ਼ੀਸ਼ਾ ਵਿਖਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਜੌਹਲ, ਸੁਖਬੀਰ ਕੌਰ, ਜਸਕਰਨ ਸਿੰਘ ਪੰਨੂ, ਰੌਸ਼ਨ ਸਿੰਘ ਸੰਧੂ, ਹਰਪ੍ਰੀਤ ਸਿੰਘ, ਪਰਸ਼ੋਤਮ ਟਾਂਗਰੀ, ਸੰਨੀ, ਜਸਵਿੰਦਰ ਕੰਡਾ ਆਦਿ ਹਾਜ਼ਰ ਸਨ।