ਖੰਨਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਤੇ ਕੈਪਟਨ ਇੱਕੋ ਜਿਹੇ ਹੀ ਹਨ। ਜਿਵੇਂ ਕੈਪਟਨ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ, ਉਸੇ ਤਰ੍ਹਾਂ ਕੇਜਰੀਵਾਲ ਦਾ ਵੀ ਉਹੀ ਪਿਛੋਕੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੇ ਹੀ ਪੁੱਤ ਦੀ ਸਹੁੰ ਖਾ ਕੇ ਦਿੱਲੀ ਵਿੱਚ ਕਾਂਗਰਸ ਨਾਲ ਹੱਥ ਨਾ ਮਿਲਾਉਣ ਦੀ ਗੱਲ ਆਖੀ ਸੀ ਪਰ ਸਰਕਾਰ ਬਣਾਉਣ ਲਈ ਗੱਠਜੋੜ ਕਰ ਲਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਜੋ ਪੁੱਤ ਦੀ ਝੂਠੀ ਸਹੁੰ ਖਾ ਸਕਦਾ ਹੈ, ਉਹ ਕੀ ਨਹੀਂ ਕਰ ਸਕਦਾ।

ਸੁਖਬੀਰ ਬਾਦਲ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਪਾਰਟੀ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪੰਜਾਬੀਆਂ ਦੀ ਸਿਰਫ ਤੇ ਸਿਰਫ ਇੱਕੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਦੂਜੀ ਬਸਪਾ ਹੈ ਜਿਸ ਦੀ ਸ਼ੁਰੂਆਤ ਕਾਂਸ਼ੀ ਰਾਮ ਨੇ ਪੰਜਾਬ ਤੋਂ ਕੀਤੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਜਿੰਨੇ ਵੀ ਉਮੀਦਵਾਰ ਹਨ, ਉਨ੍ਹਾਂ ਵਿੱਚੋਂ ਜਿਆਦਾਤਰ ਦਲਬਦਲੂ ਹਨ ਜਦੋਂਕਿ ਆਮ ਆਦਮੀ ਕੰਮ ਕਰਦਾ ਹੀ ਰਹਿ ਗਿਆ, ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਮਕਸਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ।

ਸੁਖਬੀਰ ਬਾਦਲ ਨੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਕੀਤੇ ਜਾਣ ਦੇ ਸਵਾਲ 'ਤੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਤਾਂ ਫਾਇਦਾ ਜੇ ਉਹ ਜਿੱਤਣਗੇ। ਕਾਂਗਰਸ ਦਾ ਸਫਾਇਆ ਹੈ, ਚਾਹੇ 10 ਚਿਹਰੇ ਬਣਾ ਦੇਣ, ਕਾਂਗਰਸ ਨੂੰ ਕੋਈ ਨਹੀਂ ਬਚਾ ਸਕਦਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490