ਲੁਧਿਆਣਾ : ਲੋਕ ਇਨਸਾਫ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਫਗਵਾੜਾ ਤੋਂ ਜਰਨੈਲ ਨੰਗਲ ,ਬਰਨਾਲਾ ਤੋਂ ਕਰਮਜੀਤ ਸਿੰਘ , ਨਕੋਦਰ ਤੋਂ ਦਵਿੰਦਰ ਸਿੰਘ ਸੰਗੋਵਾਲ , ਫਤਹਿਗੜ ਚੂੜੀਆਂ ਤੋਂ ਮਨਜੀਤ ਸਿੰਘ ਚਿਤੌੜਗੜ੍ਹ , ਬਾਬਾ ਬਕਾਲਾ ਤੋਂ ਹਰਪ੍ਰੀਤ ਸਿੰਘ , ਕੋਟਕਪੂਰਾ ਤੋਂ ਕੁਲਵਿੰਦਰ ਸਿੰਘ ਸੰਧੂ , ਜੀਰਾ ਤੋਂ ਦਵਿੰਦਰ ਸਿੰਘ , ਬੁਢਲਾਡਾ ਤੋਂ ਰਣਜੀਤ ਸਿੰਘ ,ਚਮਕੌਰ ਸਾਹਿਬ ਤੋਂ ਰਘਵੀਰ ਸਿੰਘ ਗੜਾਂਗ , ਭਦੌੜ ਤੋਂ ਬਾਬਾ ਜਗਰੂਪ ਸਿੰਘ ਚੋਣ ਲੜਨਗੇ।


 


ਇਸ ਤੋਂ ਪਹਿਲਾਂ ਬੀਤੀ ਰਾਤ ਲੋਕ ਇਨਸਾਫ ਪਾਰਟੀ ਨੇ ਆਪਣੇ 24 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਬਲਵਿੰਦਰ ਸਿੰਘ ਬੈਂਸ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ,ਸਿਮਰਜੀਤ ਸਿੰਘ ਬੈਂਸ ਆਤਮ ਨਗਰ ਵਿਧਾਨ ਸਭਾ ਹਲਕਾ , ਰਣਧੀਰ ਸਿੰਘ ਸਿਵੀਆਂ ਲੁਧਿਆਣਾ ਉਤਰੀ ਤੋਂ ਚੋਣ ਲੜਨਗੇ।


ਦੱਸਣਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਕੇ 5 ਸੀਟਾਂ 'ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਲੋਕ ਇਨਸਾਫ਼ ਪਾਰਟੀ 5 ਵਿਚੋਂ ਸਿਰਫ 2 ਸੀਟਾਂ ਪ੍ਰਾਪਤ ਕਰ ਸਕੀ। ਸਿਮਰਜੀਤ ਸਿੰਘ ਬੈਂਸ ਨੇ ਆਤਮ ਨਗਰ ਵਿਧਾਨ ਸਭਾ ਹਲਕਾ ਅਤੇ ਬਲਵਿੰਦਰ ਸਿੰਘ ਬੈਂਸ ਨੇ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ ਸੀ।

 

ਦੱਸ ਦੇਈਏ ਕਿ ਲੋਕ ਇਨਸਾਫ ਪਾਰਟੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਣਾਈ ਗਈ ਸੀ। ਲੁਧਿਆਣਾ 'ਚ ਲੋਕ ਇਨਸਾਫ਼ ਪਾਰਟੀ ਦੀ ਮਜ਼ਬੂਤ ਪਕੜ ਹੈ। ਬੈਂਸ ਬ੍ਰਦਰਜ਼ ਨੇ ਲੋਕ ਇਨਸਾਫ ਪਾਰਟੀ ਬਣਾਈ ਹੈ। ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੋਵੇਂ ਭਰਾ ਲੁਧਿਆਣਾ ਤੋਂ ਵਿਧਾਇਕ ਹਨ। ਬੈਂਸ ਬ੍ਰਦਰਜ਼ ਲੁਧਿਆਣਾ ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ। ਬੈਂਸ ਬ੍ਰਦਰਜ਼ ਨੇ ਲੋਕ ਇਨਸਾਫ ਪਾਰਟੀ ਬਣਾ ਕੇ ਵੀ ਜਿੱਤ ਹਾਸਲ ਕੀਤੀ ਸੀ।