ਸ਼ੰਕਰ ਬਦਰਾ ਦੀ ਰਿਪੋਰਟ
ਪਟਿਆਲਾ : ਪੰਜਾਬ ਲੋਕ ਕਾਂਗਰਸ (PLC) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਜੰਡਿਆਲਾ ਤੋਂ ਗਗਨਦੀਪ ਸਿੰਘ , ਬੱਸੀ ਪਠਾਣਾ ਤੋਂ ਡਾ. ਦੀਪਕ ਜੋਤੀ , ਗਿੱਦੜਬਾਹਾ ਤੋਂ ਓਮ ਪ੍ਰਕਾਸ਼ ਬੱਬਰ , ਅਮਰਗੜ ਤੋਂ ਸਰਦਾਰ ਅਲੀ ,ਸੁਤਰਾਣਾ ਤੋਂ ਨਰਾਇਣ ਸਿੰਘ ਨਰਸੌਤ ਨੂੰ ਟਿਕਟ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ, ਜਿਸ ‘ਚ ਮਾਲਵਾ ਤੋਂ 17, ਮਾਝਾ ਤੋਂ 2 ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਕੈਪਟਨ ਪਟਿਆਲਾ ਸ਼ਹਿਰ ਤੋਂ ਖੁਦ ਚੋਣ ਲੜਨਗੇ, ਜਦੋਂਕਿ ਸਾਬਕਾ ਡੀਜੀਪੀ ਇਜ਼ਹਾਰ ਆਲਮ ਖ਼ਾਨ ਦੀ ਪਤਨੀ ਤੇ ਸਾਬਕਾ ਵਿਧਾਇਕਾ ਫਰਜ਼ਾਨਾ ਆਲਮ ਖ਼ਾਨ ਨੂੁੰ ਮਾਲੇਰਕੋਟਲਾ ਤੋਂ ਟਿਕਟ ਦਿੱਤੀ ਗਈ।
ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਹ ਬਹੁਤ ਮਜ਼ਬੂਤ ਸਿਆਸੀ ਸਾਖ ਵਾਲੇ ਅਤੇ ਆਪੋ-ਆਪਣੇ ਹਲਕਿਆਂ ਵਿੱਚ ਚੰਗਾ ਪ੍ਰਭਾਵ ਰੱਖਣ ਵਾਲੇ ਲੋਕ ਹਨ। ਪਟਿਆਲਾ ਦੀਆਂ ਬਾਕੀ ਤਿੰਨ ਸੀਟਾਂ ਵਿਚੋਂ ਪਟਿਆਲਾ ਦਿਹਾਤੀ ਹਲਕੇ ਤੋਂ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ, ਸਮਾਣਾ ਹਲਕੇ ਤੋਂ ਸੁਰਿੰਦਰ ਸਿੰਘ ਖੇੜਕੀ ਤੇ ਸਨੌਰ ਹਲਕੇ ਤੋਂ ਭਰਤਇੰਦਰ ਸਿੰਘ ਚਹਿਲ ਦੇ ਬੇਟੇ ਬਿਕਰਮ ਇੰਦਰ ਸਿੰਘ ਚਹਿਲ ਨੂੰ ਟਿਕਟ ਦਿੱਤੀ ਗਈ ਹੈ।
ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ,ਮਾਲੇਰਕੋਟਲਾ ਤੋਂ ਫਰਜ਼ਾਨਾ ਆਲਮ ,ਪਟਿਆਲਾ ਦਿਹਾਤੀ ਤੋਂ ਸੰਜੀਵ ਸ਼ਰਮਾ ਉਰਫ਼ ਬਿੱਟੂ ਸ਼ਰਮਾ ,ਖਰੜ ਤੋਂ ਕਮਲਦੀਪ ਸੈਣੀ ,ਲੁਧਿਆਣਾ ਪੂਰਬੀ ਤੋਂ ਜਗਮੋਹਨ ਸ਼ਰਮਾ ,ਲੁਧਿਆਣਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜਪੁਰੀ,ਆਤਮਨਗਰ ਤੋਂ ਪ੍ਰੇਮ ਮਿੱਤਲ ,ਦਾਖਾ ਤੋਂ ਦਮਨਜੀਤ ਸਿੰਘ ਮੋਹੀ,ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ ,ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ ,ਰਾਮਪੁਰਾ ਫੂਲ ਤੋਂ ਡਾ. ਅਮਰਜੀਤ ਸ਼ਰਮਾ ,ਬਠਿੰਡਾ ਸ਼ਹਿਰ ਤੋਂ ਰਾਜ ਨੰਬਰਦਾਰ ,ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ ,ਬੁਢਲਾਡਾ (ਰਾਖਵੀਂ) ਤੋਂ ਸੂਬੇਦਾਰ ਭੋਲਾ ਸਿੰਘ ਹਸਨਪੁਰ ,ਭਦੌੜ ਤੋਂ ਧਰਮ ਸਿੰਘ ਫੌਜੀ ,ਸਨੌਰ ਤੋਂ ਬਿਕਰਮਜੀਤ ਇੰਦਰ ਸਿੰਘ ,ਸਮਾਣਾ ਤੋਂ ਸੁਰਿੰਦਰ ਸਿੰਘ ,ਫਤਿਹਗੜ੍ਹ ਚੂੜੀਆਂ ਸੀਟ ਤੋਂ ਤੇਜਿੰਦਰ ਸਿੰਘ ਰੰਧਾਵਾ ,ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ,ਭੁਲੱਥ ਤੋਂ ਅਮਨਦੀਪ ਸਿੰਘ ਉਰਫ਼ ਗੋਰਾ ਗਿੱਲ ,ਨਕੋਦਰ ਤੋਂ ਅਜੀਤਪਾਲ ਸਿੰਘ ,ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ ਨੂੰ ਟਿਕਟ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਲੋਕ ਕਾਂਗਰਸ ਇਸ ਵੇਲੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਚੋਣ ਲੜ ਰਹੀ ਹੈ। ਸੂਬੇ ਦੀਆਂ ਕੁੱਲ 117 ਸੀਟਾਂ ’ਚੋਂ ਪੀਐੱਲਸੀ ਦੇ ਹਿੱਸੇ ’ਚ 37 ਸੀਟਾਂ ਆਈਆਂ ਹਨ। ਐੱਲਸੀ ਨੂੰ ਜੋ 37 ਸੀਟਾਂ ਮਿਲੀਆਂ ਹਨ, ਉਨ੍ਹਾਂ ’ਚੋਂ 26 ਮਾਲਵਾ, 7 ਮਾਝਾ ਤੇ ਦੋਆਬਾ ਤੋਂ ਚਾਰ ਸੀਟਾਂ ਮਿਲੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 77 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਸੀ ਅਤੇ ਅਕਾਲੀ-ਭਾਜਪਾ ਨੂੰ 10 ਸਾਲ ਬਾਅਦ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਸੀ।